ਸ਼ੰਭੂ ਬਾਰਡਰ ‘ਤੇ ਟਰੱਕ ਆਪ੍ਰੇਟਰਾਂ ਵਲੋਂ 48 ਘੰਟਿਆਂ ਤੋਂ ਆਵਾਜਾਈ ਮੁਕੰਮਲ ਠੱਪ

ਪਟਿਆਲਾ – ਪੰਜਾਬ ਦੇ ਐਂਟਰੀ ਗੇਟ ਸ਼ੰਭੂ ਬਾਰਡਰ ’ਤੇ ਆਵਾਜਾਈ ਨੂੰ ਟਰੱਕ ਆਪ੍ਰੇਟਰਾਂ ਨੇ 48 ਘੰਟਿਆਂ ਤੋਂ ਮੁਕੰਮਲ ਠੱਪ ਕਰ ਦਿੱਤਾ ਹੈ। ਇਸ ਕਾਰਨ ਪਟਿਆਲਾ ਪ੍ਰਸ਼ਾਸਨ ਨੂੰ ਬਦਲਵੇਂ ਰੂਟ ਜਾਰੀ ਕਰਨੇ ਪਏ ਹਨ। ਜਾਣਕਾਰੀ ਮੁਤਾਬਕ ਪੰਜਾਬ ਭਰ ਤੋਂ ਟਰੱਕ ਆਪ੍ਰੇਟਰਾਂ ਨੇ ਸ਼ੰਭੂ ਐਂਟਰੀ ਪੁਆਇੰਟ ’ਤੇ ਆਵਾਜਾਈ ਮੁਕੰਮਲ ਠੱਪ ਕਰ ਦਿੱਤੀ ਹੈ। ਪੰਜਾਬ ਭਰ ਤੋਂ ਹਜ਼ਾਰਾਂ ਟਰੱਕ ਆਪ੍ਰੇਟਰ ਪੰਜਾਬ ਵਿਚ ਟਰੱਕ ਯੂਨੀਅਨਾਂ ਦੀ ਬਹਾਲੀ ਦੀ ਮੰਗ ਕਰ ਰਹੇ ਹਨ। ਮੌਜੂਦਾ ਭਗਵੰਤ ਮਾਨ ਸਰਕਾਰ ਨੇ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਲਾਗੂ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਬੀਤੇ ਦਿਨੀਂ ਟਰੱਕ ਅਪ੍ਰੇਟਰਾਂ ਨੇ ਲੁਧਿਆਣਾ ਵਿਚ ਸਤਲੁਜ ਕੰਢੇ ’ਤੇ ਆਵਾਜਾਈ ਠੱਪ ਕਰ ਦਿੱਤੀ ਸੀ ਤੇ ਐਲਾਨ ਕੀਤਾ ਸੀ ਕਿ ਉਹ ਕਿਸੇ ਵੀ ਕੀਮਤ ’ਤੇ ਟਰੱਕ ਆਪ੍ਰੇਟਰਾਂ ਦੇ ਜਾਨ-ਮਾਲ ਦੀ ਰਾਖੀ ਨਾਲ ਸਮਝੌਤੇ ਦੇ ਯਤਨ ਸਫਲ ਨਹੀਂ ਹੋਣ ਦੇਣਗੇ। ਇਸ ਮਗਰੋਂ ਪੰਜਾਬ ਸਰਕਾਰ ਨੇ ਮੰਤਰੀਆਂ ਦੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਸੀ, ਜਿਨ੍ਹਾਂ ਨਾਲ ਗੱਲ ਸਿਰੇ ਨਾ ਚੜ੍ਹੀ ਸੀ, ਜਿਸ ਕਾਰਨ ਮੌਜੂਦਾ ਹਾਲਾਤ ਬਣੇ ਹੋਏ ਹਨ।

ਬਨੂੜ ਇਲਾਕੇ ਦੀਆਂ ਸੜਕਾਂ ਵਾਹਨਾਂ ਨਾਲ ਖਚਾ-ਖੱਚ ਭਰੀਆ, ਰਾਹਗੀਰ ਪ੍ਰੇਸ਼ਾਨ

ਆਲ ਪੰਜਾਬ ਟਰੱਕ ਆਪ੍ਰੇਟਰਜ਼ ਏਕਤਾ ਯੂਨੀਅਨ ਵੱਲੋਂ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਸ਼ੰਭੂ ਬਾਰਡਰ ਨੇੜੇ ਬੀਤੇ ਦਿਨ ਤੋਂ ਲਗਾਏ ਗਏ ਪੱਕੇ ਮੋਰਚੇ ਕਾਰਨ ਬਨੂੜ ਇਲਾਕੇ ਦੀਆਂ ਸੜਕਾਂ ਵਾਹਨਾਂ ਨਾਲ ਖਚਾ-ਖੱਚ ਭਰੀ ਪਈਆਂ ਹਨ ਤੇ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਪੱਕੇ ਮੋਰਚੇ ਕਾਰਨ ਕੌਮੀ ਮਾਰਗ ਤੋਂ ਗੁਜਰਨ ਵਾਲੇ ਵਾਹਨ ਚਾਲਕਾਂ ਨੂੰ ਅੰਮ੍ਰਿਤਸਰ ਤੋਂ ਅੰਬਾਲਾ ਜਾਣ ਲਈ ਰਾਜਪੁਰਾ ਤੋਂ ਵਾਇਆ ਬਨੂੜ -ਲਾਲੜੂ ਲਿੰਕ ਸੜਕ ਤੋਂ ਅੰਬਾਲਾ ਅਤੇ ਅੱਗੇ ਹੋਰ ਸ਼ਹਿਰਾਂ ’ਚ ਜਾਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਦੇਖਣ ’ਚ ਆਇਆ ਹੈ ਕਿ ਬਨੂੜ ਮਾਰਗ ’ਤੇ ਪੈਂਦੇ ਪਿੰਡਾਂ ਦੀਆਂ ਲਿੰਕ ਸੜਕਾਂ ਉਪਰ ਆਵਾਜਾਈ ਲਈ ਵਾਹਨਾਂ ਦੀ ਭਰਮਾਰ ਲੱਗੀ ਹੋਈ ਹੈ। ਬਨੂੜ ਬੈਰੀਅਰ ’ਤੇ ਟ੍ਰੈਫਿਕ ਪੁਲਸ ਨੂੰ ਇਸ ਆਵਾਜਾਈ ਨੂੰ ਸੰਚਾਰੂ ਰੂਪ ’ਚ ਚਲਾਉਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਾਰਗ ’ਤੇ ਵਾਹਨਾਂ ਦੀ ਭਰਮਾਰ ਹੋਣ ਕਾਰਨ ਕਿਸੇ ਵੀ ਸਮੇਂ ਜਾਮ ਲੱਗ ਸਕਦਾ ਹੈ।

Add a Comment

Your email address will not be published. Required fields are marked *