ਸ਼ੰਭੂ ਬਾਰਡਰ ‘ਤੇ ਹੰਝੂ ਗੈਸ ਦੇ ਗੋਲੇ ਝੋਲਿਆਂ ‘ਚ ਪਾ ਰਹੇ ਕਿਸਾਨ

ਚੰਡੀਗੜ੍ਹ : ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਅਦੰਲੋਨ ਲਗਾਤਾਰ ਜਾਰੀ ਹੈ। ਕਿਸਾਨਾਂ ‘ਚ ਇਸ ਵਾਰ ਹੰਝੂ ਗੈਸ ਦੇ ਖੋਲ, ਰਬੜ ਦੀਆਂ ਅਸਲੀ ਗੋਲੀਆਂ ਇਕੱਠਾ ਕਰਨ ਦੀ ਹੋੜ ਲੱਗੀ ਹੋਈ ਹੈ। ਇਸ ਤਰ੍ਹਾਂ ਅੰਦੋਲਨ ਦੀਆਂ ਨਿਸ਼ਾਨੀਆਂ ਇਕੱਠੀਆਂ ਕਰਨ ਲਈ ਕਿਸਾਨਾਂ ਵਲੋਂ ਵਾਰੀਆਂ ਲਾਈਆਂ ਜਾ ਰਹੀਆਂ ਹਨ। ਜਿਵੇਂ ਹੀ ਹੰਝੂ ਗੈਸ ਦਾ ਗੋਲਾ ਉਨ੍ਹਾਂ ਦੇ ਪੈਰਾਂ ‘ਚ ਆ ਕੇ ਡਿੱਗਦਾ ਹੈ ਤਾਂ ਕਿਸਾਨ ਪਾਣੀ ਨਾਲ ਗਿੱਲੀ ਬੋਰੀ ਉਸ ‘ਤੇ ਪਾ ਦਿੰਦੇ ਹਨ।

ਉਸ ਦਾ ਅਸਰ ਖ਼ਤਮ ਹੁੰਦੇ ਹੀ ਉਸ ਨੂੰ ਆਪਣੇ ਝੋਲੇ ‘ਚ ਪਾ ਰਹੇ ਹਨ। ਇਸੇ ਤਰ੍ਹਾਂ ਹੀ ਰਬੜ ਦੀਆਂ ਗੋਲੀਆਂ ਅਤੇ ਅਸਲੀ ਗੋਲੀਆਂ ਦੇ ਖੋਲ ਵੀ ਕਿਸਾਨਾਂ ਵਲੋਂ ਇਕੱਠੇ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਇਕੱਠਾ ਕਰਨ ਦਾ ਮੁੱਖ ਮਕਸਦ ਅੰਦੋਲਨ ਦੀ ਨਿਸ਼ਾਨੀ ਹੈ, ਜੋ ਉਹ ਬੱਚਿਆਂ ਨੂੰ ਜਾਂ ਆਉਣ ਵਾਲੀਆਂ ਪੀੜ੍ਹੀਆਂ (ਪੋਤੇ-ਪੋਤੀਆਂ) ਨੂੰ ਦਿਖਾਉਣਗੇ ਕਿ ਉਹ ਵੀ ਅੰਦੋਲਨ ਦਾ ਹਿੱਸਾ ਸਨ।

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਗੋਲੇ ਜਾਂ ਗੋਲੀਆਂ ਨਹੀਂ, ਸਗੋਂ ਉਨ੍ਹਾਂ ਲਈ ਮੈਡਲ ਹਨ। ਉਹ ਆਪਣੇ ਡਰਾਇੰਗ ਰੂਮਾਂ ‘ਚ ਇਸ ਨੂੰ ਨਿਸ਼ਾਨੀ ਦੇ ਤੌਰ ‘ਤੇ ਰੱਖਣਗੇ। ਇਸ ਨੂੰ ਦੇਖ ਕੇ ਅੰਦੋਲਨ ਦਾ ਹਰ ਪਾਲ ਯਾਦ ਆਵੇਗਾ।

ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੋਂ ਨਿਕਲ ਕੇ ਦਿੱਲੀ ਜਾਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ ਅਤੇ ਹਰਿਆਣਾ ਪੁਲਸ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ। ਪੈਰਾਮਿਲਟਰੀ ਫੋਰਸ ਵਲੋਂ ਉਨ੍ਹਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਵੀ ਚਲਾ ਰਹੀ ਹੈ ਪਰ ਕਿਸਾਨ ਮੋਰਚੇ ‘ਤੇ ਡਟੇ ਹੋਏ ਹਨ।

Add a Comment

Your email address will not be published. Required fields are marked *