Live ਹੋ ਕੇ ਨੌਜਵਾਨ ਨੇ CM ਮਾਨ ਨੂੰ ਦਿੱਤੀ ਧਮਕੀ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦਰਅਸਲ, ਮਾਮਲਾ ਨੰਗਲ ਸਬ-ਡਵੀਜ਼ਨ ਦੇ ਪਿੰਡ ਵਿਭੋਰ ਸਾਹਿਬ ਦਾ ਹੈ, ਜਿਥੇ ਇਕ ਨੌਜਵਾਨ ਹੱਥ ’ਚ 315 ਬੋਰ ਵਰਗੀ ਬੰਦੂਕ ਚੁੱਕ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਥਾਨਕ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਐੱਸ. ਐੱਚ. ਓ. ਨੰਗਲ ਦਾਨਿਸ਼ਵੀਰ ਸਿੰਘ ਅਤੇ ਪਿੰਡ ਵਿਭੋਰ ਸਾਹਿਬ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੂੰ ਉਡਾ ਦੇਣ ਦੀ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ। ਇਸ ਪੂਰੇ ਮਾਮਲੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਵੀਡੀਓ ’ਚ ਨੌਜਵਾਨ ਆਪਣੇ ਆਪ ਨੂੰ ਪਿੰਡ ਵਿਭੋਰ ਦੇ ਚੌਕ ’ਚ ਖੜ੍ਹਾ ਹੋਇਆ ਦੱਸ ਰਿਹਾ ਹੈ। ਹੱਥਾਂ ’ਚ ਬੰਦੂਕ ਫੜੀ ਨੌਜਵਾਨ ਐੱਸ. ਐੱਚ. ਓ. ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ, ਹਰਜੋਤ ਬੈਂਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰ ਰਿਹਾ ਹੈ। ਇਥੋਂ ਤੱਕ ਕਿ ਬੰਦੂਕ ਦਿਖਾ ਕੇ ਬੋਲ ਰਿਹਾ ਹੈ ਕਿ ਜਿਨ੍ਹਾਂ ਬਦਮਾਸ਼ਾਂ ਨੂੰ ਲੈ ਕੇ ਆਉਣਾ ਹੈ, ਲੈ ਆਓ, ਮੈਂ ਛਾਤੀ ਦੀ ਛਾਣਨੀ ਬਣਾ ਕੇ ਰੱਖ ਦੇਵਾਂਗਾ। ਵਾਇਰਲ ਹੋਈ ਵੀਡੀਓ ਦੇ ਆਧਾਰ ’ਤੇ ਨੰਗਲ ਪੁਲਸ ਨੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੰਗਲ ਪੁਲਸ ਨੇ ਪਿੰਡ ਵਿਭੋਰ ਸਾਹਿਬ ਦੇ ਨਿਵਾਸੀ ਕਥਿਤ ਦੋਸ਼ੀ ਹਰੀਸ਼ ਨੂੰ ਆਰਮਜ਼ ਐਕਟ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਅਦਾਲਤ ’ਚ ਪੇਸ਼ ਕੀਤਾ। ਇਥੇ ਮਾਣਯੋਗ ਜੱਜ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਗਲ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਕਥਿਤ ਹਰੀਸ਼ ਖ਼ਿਲਾਫ਼ ਕਈ ਵਾਰ ਸ਼ਿਕਾਇਤਾਂ ਮਿਲਦੀਆਂ ਸਨ ਕਿ ਉਹ ਅਕਸਰ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਕੁੱਟਮਾਰ ਕਰਦਾ ਹੈ ਅਤੇ ਘਰਾਂ ‘ਚ ਦਾਖ਼ਲ ਹੋ ਕੇ ਦਹਿਸ਼ਤ ਪੈਦਾ ਕਰਦਾ ਹੈ ਪਰ ਕੋਈ ਡਰ ਕਾਰਨ ਲਿਖਤੀ ਸ਼ਿਕਾਇਤ ਨਹੀਂ ਕਰਦਾ ਸੀ।

Add a Comment

Your email address will not be published. Required fields are marked *