ਮਾਹਿਲਪੁਰ ਦੇ ਪਿੰਡ ਗੱਜਰ ਵਿਖੇ ਕਾਰ ਸਵਾਰਾਂ ਵੱਲੋਂ ਘਰ ’ਤੇ ਫਾਇਰਿੰਗ, ਜਾਨੀ ਨੁਕਸਾਨ ਤੋਂ ਬਚਾਅ

ਮਾਹਿਲਪੁਰ -ਪਹਾੜੀ ਖਿੱਤੇ ਦੇ ਪਿੰਡ ਗੱਜਰ ਵਿਖੇ ਬੀਤੇ ਦਿਨ ਤੜਕਸਾਰ ਇਕ ਕਾਲੇ ਰੰਗ ਦੀ ਕਾਰ ’ਚ ਸਵਾਰ ਨੌਜਵਾਨਾਂ ਨੇ ਇਕ ਘਰ ’ਤੇ ਫਾਇਰਿੰਗ ਕਰ ਦਿੱਤੀ। ਨੌਜਵਾਨਾਂ ਵੱਲੋਂ ਚਲਾਈਆਂ ਗੋਲ਼ੀਆਂ ਘਰ ਦੀ ਕੰਧ ਅਤੇ ਕਮਰੇ ਦੇ ਸ਼ੀਸ਼ੇ ਵਿਚ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਗੋਲ਼ੀਆਂ ਸੁਣ ਕੇ ਉੱਠੇ ਪਿੰਡ ਵਾਸੀਆਂ ਨੂੰ ਇਕੱਠਾ ਹੁੰਦਾ ਵੇਖ ਕਾਰ ਸਵਾਰ ਫਰਾਰ ਹੋ ਗਏ।

ਥਾਣਾ ਮਾਹਿਲਪੁਰ ਦੀ ਪੁਲਸ ਨੇ ਕਾਨੂੰਨ ਦੀ ਧਾਰਾ 307, 336, 506, 34, 25, 27, 54 ਅਤੇ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਹਮਲਾਵਰਾਂ ਨੂੰ ਕਾਬੂ ਕਰਨ ਲਈ ਗਸ਼ਤ ਕਰ ਰਹੇ ਥਾਣਾ ਮੁਖੀ ਨੇ ਇਕ ਸ਼ੱਕੀ ਬੋਲੈਰੋ ਗੱਡੀ ਨੂੰ ਰੋਕਿਆ ਪ੍ਰੰਤੂ ਬੇਕਾਬੂ ਗੱਡੀ ਖਤਾਨਾਂ ਵਿਚ ਜਾ ਡਿੱਗੀ ਅਤੇ ਚਾਲਕ ਫਰਾਰ ਹੋ ਗਿਆ। ਗੱਡੀ ਵਿਚੋਂ ਪੁਲਸ ਨੂੰ ਜ਼ਿੰਦਾ ਅਤੇ ਚੱਲਿਆ ਹੋਇਆ ਕਾਰਤੂਸ ਅਤੇ 350 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਯੋਗਰਾਜ ਵਾਸੀ ਗੱਜਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਤੜਕਸਾਰ ਸਾਢੇ ਤਿੰਨ ਵਜੇ ਦੇ ਕਰੀਬ ਸੁੱਤੇ ਪਏ ਸਨ ਤਾਂ ਅਚਾਨਕ ਉਨ੍ਹਾਂ ਦੇ ਘਰ ਦੇ ਬਾਹਰ ਗੋਲ਼ੀਆਂ ਚੱਲਣ ਦੀ ਆਵਾਜ਼ ਆਈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਉੱਠ ਕੇ ਵੇਖਿਆ ਤਾਂ ਇਕ ਕਾਰ ਵਿਚ ਸਵਾਰ ਕੁਝ ਨੌਜਵਾਨ ਉਸ ਦੇ ਘਰ ’ਤੇ ਗੋਲ਼ੀਆਂ ਚਲਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸ਼ੀਸ਼ੇ ਵਿਚ ਦੇਖਿਆ ਤਾਂ ਹਮਲਾਵਰਾਂ ਨੇ ਸ਼ੀਸ਼ੇ ਵਿਚ ਵੀ ਗੋਲੀ ਮਾਰ ਦਿੱਤੀ। ਉਸ ਨੇ ਦੱਸਿਆ ਕਿ ਗੋਲ਼ੀਆਂ ਚਲਾਉਣ ਵਾਲਿਆਂ ਵਿਚ ਰੋਹਿਤ ਕੁਮਾਰ ਲੋਟਾ ਪੁੱਤਰ ਅਨਮੋਲ ਰਤਨ ਵਾਸੀ ਨੰਗਲ ਚੋਰਾਂ, ਦਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ, ਰਾਹੁਲ ਸੰਧੂ ਪੁੱਤਰ ਕੁਲਵਿੰਦਰ ਸਿੰਘ ਵਾਸੀਆਨ ਘੁਮਿਆਲਾ ਅਤੇ ਕਾਰ ਚਾਲਕ ਗੁਰਲਾਲ ਸਿੰਘ ਵਾਸੀ ਪਰਸੋਤਾ ਸ਼ਾਮਲ ਸੀ, ਜਿਨ੍ਹਾਂ ਕੁੱਝ ਦਿਨ ਪਹਿਲਾਂ ਹੀ ਮਾਹਿਲਪੁਰ ਸ਼ਹਿਰ ਵਿਚ ਗੋਲ਼ੀਆਂ ਚਲਾਈਆਂ ਸਨ ਅਤੇ ਉਹ ਸ਼ੱਕ ਕਰ ਰਹੇ ਸਨ ਕਿ ਪੁਲਸ ਨੂੰ ਉਨ੍ਹਾਂ ਦੇ ਨਾਂ ਉਸ ਨੇ ਦਿੱਤੇ ਸਨ।

ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਮੁਖੀ ਜਸਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘੇਰਾਬੰਦੀ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਪਿੰਡ ਦੇ ਬਾਹਰਵਾਰ ਇਕ ਗੱਡੀ ਪੀ. ਬੀ. 07 ਬੀ. ਐੱਲ. 7690 ਨੂੰ ਸ਼ੱਕ ਪੈਣ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਚਾਲਕ ਨੇ ਗੱਡੀ ਭਜਾ ਲਈ ਅਤੇ ਬੇਕਾਬੂ ਹੋ ਕੇ ਖਤਾਨਾਂ ਵਿਚ ਚਲੀ ਗਈ। ਗੱਡੀ ਚਾਲਕ ਗੱਡੀ ਛੱਡ ਕੇ ਫਰਾਰ ਹੋ ਗਿਆ।
ਗੱਡੀ ਦੀ ਤਲਾਸ਼ੀ ਦੌਰਾਨ ਉਸ ਵਿਚੋਂ ਜ਼ਿੰਦਾ ਇਕ ਕਾਰਤੂਸ, ਇਕ ਚੱਲਿਆ ਹੋਇਆ ਕਾਰਤੂਸ ਅਤੇ 350 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਇਸ ਮਾਮਲੇ ਵਿਚ ਵੀ ਪੁਲਸ ਨੇ ਵੱਖਰੇ ਤੌਰ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ ਅਤੇ ਪੜਤਾਲ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ।

Add a Comment

Your email address will not be published. Required fields are marked *