5 ਤੱਤਾਂ ‘ਚ ਵਿਲੀਨ ਹੋਏ ਹੀਰਾਬੇਨ, PM ਮੋਦੀ ਅਤੇ ਵੱਡੇ ਭਰਾ ਸੋਮਾਭਾਈ ਨੇ ਦਿੱਤੀ ਮੁੱਖ ਅਗਨੀ
December 30, 2022
ਅਹਿਮਦਾਬਾਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਸਵੇਰੇ ਗਾਂਧੀਨਗਰ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਹੀਰਾਬੇਨ ਦਾ ਅਹਿਮਦਾਬਾਦ ਦੇ ਯੂ.ਐੱਨ. ਮਹਿਤਾ ਹਸਪਤਾਲ ‘ਚ ਅੱਜ ਤੜਕੇ ਦਿਹਾਂਤ ਹੋ ਗਿਆ, ਜਿੱਥੇ ਉਨ੍ਹਾਂ ਨੂੰ ਬੁੱਧਵਾਰ ਨੂੰ ਦਿਲ ਦੀਆਂ ਸਮੱਸਿਆਵਾਂ ਕਾਰਨ ਦਾਖਲ ਕਰਵਾਇਆ ਗਿਆ ਸੀ।
ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਵੱਡੇ ਭਰਾ ਸੋਮਾਭਾਈ ਨੇ ਹੀਰਾਬੇਨ ਦੀ ਮ੍ਰਿਤਕ ਦੇਹ ਨੂੰ ‘ਅਗਨੀ’ ਦਿੱਤੀ। ਸਾਬਕਾ ਮੁੱਖ ਮੰਤਰੀ ਸ਼ੰਕਰਸਿੰਘ ਵਾਘੇਲਾ ਨੇ ਸ਼ਮਸ਼ਾਨਘਾਟ ‘ਤੇ ਪ੍ਰਧਾਨ ਮੰਤਰੀ ਨਾਲ ਨਿੱਜੀ ਤੌਰ ‘ਤੇ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਸਵੇਰੇ ਦਿੱਲੀ ਤੋਂ ਉਡਾਣ ਭਰੀ ਅਤੇ ਆਪਣੀ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵਿਛੜੀ ਰੂਹ ਨੂੰ ਸ਼ਰਧਾਂਜਲੀ ਵਜੋਂ ਵਡਨਗਰ ਸ਼ਹਿਰ ਅੱਜ ਦਿਨ ਭਰ ਲਈ ਬੰਦ ਰਹੇਗਾ। ਵਡਨਗਰ ਵਪਾਰੀ ਐਸੋਸੀਏਸ਼ਨ ਨੇ ਮੈਂਬਰਾਂ ਨੂੰ ਸ਼ਟਰ ਡਾਊਨ ਰੱਖਣ ਦੀ ਅਪੀਲ ਕੀਤੀ ਹੈ।

