ਦਿੱਲੀ: ਕੰਧ ਨੂੰ ਚੀਰਦੀ ਹੋਈ ਈਸਾਈ ਕਬਰਸਤਾਨ ‘ਚ ਜਾ ਵੜੀ DTC ਬੱਸ

ਨਵੀਂ ਦਿੱਲੀ- ਦਿੱਲੀ ਟਰਾਂਸਪੋਰਟ ਨਿਗਮ (ਡੀ. ਟੀ. ਸੀ.) ਦੀ ਇਕ ਬੱਸ ਸ਼ਨੀਵਾਰ ਨੂੰ ਦਿੱਲੀ ਦੇ ਪ੍ਰਿਥਵੀਰਾਜ ਰੋਡ ਇਲਾਕੇ ‘ਚ ਈਸਾਈ ਕਬਰਸਤਾਨ ਦੀ ਕੰਧ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਕੰਧ ਨੂੰ ਚੀਰਦੀ ਹੋਈ ਕਬਰਸਤਾਨ ਦੇ ਅੰਦਰ ਦਾਖ਼ਲ ਹੋ ਗਈ। ਹਾਦਸੇ ਵਿਚ ਕੰਧ ਅਤੇ ਕਈ ਕਬਰਾਂ ਨੁਕਸਾਨੀਆਂ ਗਈਆਂ। ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਇਸ ਘਟਨਾ ‘ਚ ਕਿਸੇ ਦੀ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

ਪੁਲਸ ਮੁਤਾਬਕ ਇਹ ਹਾਦਸਾ ਸ਼ਨੀਵਾਰ ਸਵੇਰੇ 6 ਵਜ ਕੇ 50 ਮਿੰਟ ‘ਤੇ ਵਾਪਰਿਆ। ਹਾਦਸੇ ਦੇ ਸਹੀ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਮੁਤਾਬਕ ਬੱਸ ਅੰਦਰ ਡਰਾਈਵਰ ਅਤੇ ਕੰਡਕਟਰ ਸਨ। ਦੋਹਾਂ ਤੋਂ ਇਲਾਵਾ ਬੱਸ ਵਿਚ ਕੋਈ ਸਵਾਰ ਨਹੀਂ ਸੀ। ਘਟਨਾ ਤੋਂ ਬਾਅਦ ਬੱਸ ਨੂੰ ਕਬਰਸਤਾਨ ‘ਚੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। 

ਹਾਦਸੇ ਮਗਰੋਂ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਬੱਸ ਨੂੰ ਕਰੇਨ ਦੀ ਮਦਦ ਨਾਲ ਕਬਰਸਤਾਨ ‘ਚੋਂ ਕੱਢਿਆ ਗਿਆ। ਕੰਧ ਨਾਲ ਟਕਰਾਉਣ ਮਗਰੋਂ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਬੱਸ ਦਾ ਮੋਹਰਲਾ ਹਿੱਸਾ ਨੁਕਸਾਨਿਆ ਗਿਆ। ਕੰਧ ਨਾਲ ਜ਼ੋਰਦਾਰ ਟੱਕਰ ਮਗਰੋਂ ਬੱਸ ਦੇ ਸ਼ੀਸ਼ੇ ਟੁੱਟ ਗਏ ਹਨ। ਗ਼ਨੀਮਤ ਇਹ ਰਹੀ ਕਿ ਬੱਸ ‘ਚ ਕੋਈ ਯਾਤਰੀ ਸਵਾਰ ਨਹੀਂ ਸੀ।

ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਾਹਨ ਦੀ ਮਕੈਨੀਕਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਦਿੱਲੀ ਕਬਰਸਤਾਨ ਕਮੇਟੀ ਦੇ ਸਕੱਤਰ ਯੂਜੀਨ ਰਤਨਮ ਨੇ ਦੱਸਿਆ ਕਿ ਹਾਦਸੇ ਵਿੱਚ 10-12 ਕਬਰਾਂ ਨੂੰ ਨੁਕਸਾਨ ਪਹੁੰਚਿਆ ਹੈ।

Add a Comment

Your email address will not be published. Required fields are marked *