ਅਮਰੀਕਾ ਨਾਲ 2022 ’ਚ ਮਜ਼ਬੂਤ ਰਹੇ ਭਾਰਤ ਦੇ ਸਬੰਧ

ਜਲੰਧਰ – 2022 ਭਾਰਤ-ਅਮਰੀਕਾ ਦੇ ਸਬੰਧਾਂ ਦੇ ਲਿਹਾਜ਼ ਨਾਲ ਬਹੁਤ ਚੰਗਾ ਅਤੇ ਜ਼ਿਕਰਯੋਗ ਸਾਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਚੋਟੀ ਦੇ ਡਿਪਲੋਮੈਟ ਮਾਹਰਾਂ ਦੀ ਮੰਨੀਏ ਤਾਂ ਆਉਣ ਵਾਲਾ ਸਾਲ 2023 ਵਿਚ ਭਾਰਤ ਅਤੇ ਅਮਰੀਕਾ ਲਈ ਬਹੁਤ ਅਹਿਮ ਹੋਵੇਗਾ, ਕਿਉਂਕਿ ਦੋਵੇਂ ਦੇਸ਼ ਫਿਰ ਤੋਂ ਹਰ ਪੱਧਰ ’ਤੇ ਇਕੱਠੇ ਕੰਮ ਕਰਨ ਨੂੰ ਤਿਆਰ ਹਨ। ਬੀਤ ਰਹੇ ਸਾਲ ’ਤੇ ਨਜ਼ਰ ਮਾਰੀਏ ਤਾਂ ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਦੋ ਵਾਰ ਮੁਲਾਕਾਤ ਹੋਈ ਅਤੇ ਦੋਵਾਂ ’ਚ ਚੰਗਾ ਤਾਲਮੇਲ ਨਜ਼ਰ ਆਇਆ। ਦੋਵਾਂ ਰਾਜ ਮੁਖੀਆਂ ਦੀ ਪਹਿਲੀ ਮੁਲਾਕਾਤ ਟੋਕੀਓ ਦੇ ਕਵਾਡ ਸਿਖਰ ਸੰਮੇਲਨ ਵਿਚ ਹੋਈ ਤਾਂ ਦੂਸਰੀ ਮੁਲਾਕਾਤ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਵਿਚ ਜੀ-20 ਸਿਖਰ ਸੰਮੇਲਨ ਵਿਚ।

ਕਈ ਮੰਚਾਂ ’ਤੇ ਇਕੱਠੇ ਭਾਰਤ-ਅਮਰੀਕਾ

ਇਸੇ ਸਾਲ ਦੇਸ਼ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸਤੰਬਰ ਵਿਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਸੀ ਅਤੇ ਭਾਰਤ-ਅਮਰੀਕਾ ਸਬੰਧਾਂ ਦੇ ਸਾਰੇ ਪਹਿਲੂਆਂ ਅਤੇ ਅੱਗੇ ਦੀ ਰਾਹ ’ਤੇ ਬਹੁਤ ਰਚਨਾਤਮਕ ਚਰਚਾ ਕੀਤੀ ਸੀ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ 2022 ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਈਡੇਨ ਵਲੋਂ ਨਿਰਧਾਰਿਤ ਦਿਸ਼ਾ ਅਤੇ ਦ੍ਰਿਸ਼ਟੀ ਵਿਚ ਭਾਰਤ-ਅਮਰੀਕਾ ਦੋ-ਪੱਖੀ ਸਾਂਝੇਦਾਰੀ ਹੋਰ ਮਜ਼ਬੂਤ ਹੋਈ ਹੈ। ਇਸ ਸਾਲ ਭਾਰਤ ਅਤੇ ਅਮਰੀਕਾ ਦੇ ਡਿਪਲੋਮੈਟ ਕਈ ਮੁੱਦਿਆਂ ਅਤੇ ਮੰਚ ’ਤੇ ਵੀ ਇਕ-ਦੂਸਰੇ ਨੂੰ ਮਿਲੇ ਅਤੇ ਹਾਂ-ਪੱਖੀ ਚਰਚਾ ਕਰਦੇ ਨਜ਼ਰ ਆਏ, ਫਿਰ ਭਾਵੇਂ ਉਹ ਟੋਕੀਓ ਵਿਚ ਦੋ-ਪੱਖੀ ਕਵਾਡ ਦੇ ਮੁੱਦੇ ’ਤੇ ਗੱਲਬਾਤ ਹੋਵੇ ਜਾਂ ਵਾਸ਼ਿੰਗਟਨ ਵਿਚ ਦੋਨੋਂ ਦੇਸ਼ਾਂ ਵਿਚਾਲੇ 2+2 ਮੰਤਰੀ ਪੱਧਰੀ ਦੀ ਮੀਟਿੰਗ ਹੋਵੇ।

ਭਾਰਤ ਵਿਚ ਰਿਪੇਅਰ ਹੋਇਆ ਯੂ. ਐੱਸ. ਨੇਵਲ ਸ਼ਿੱਪ

ਆਰਥਿਕ ਮੋਰਚੇ ’ਤੇ ਦੋਨੋਂ ਦੇਸ਼ਾਂ ਨੇ ਪੁਰਾਣੇ ਬਾਜ਼ਾਰ ਮੁੱਦਿਆਂ ਦਾ ਬੈਠਕੇ ਹੱਲ ਕੱਢਿਆ। ਇਸ ਸਾਲ ਹੀ ਭਾਰਤ ਵਿਚ ਪਹਿਲੀ ਵਾਰ ਅਮਰੀਕੀ ਸਮੁੰਦਰੀ ਫੌਜ ਦੇ ਜਹਾਜ਼ ਨੂੰ ਭਾਰਤ ਨੇ ਰਿਪੇਅਰ ਕੀਤਾ ਅਤੇ ਹੋਰ ਵੀ ਬਹੁਤ ਸਾਰੇ ਮੁੱਦਿਆਂ ’ਤੇ ਦੋਨੋਂ ਦੇਸ਼ਾਂ ਵਿਚਾਲੇ ਗੂੜਾ ਤਾਲਮੇਲ ਦੇਖਿਆ ਗਿਆ। ਵਿਦੇਸ਼ੀ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੇ ਇਕ ਸਵਾਰ ਦੇ ਜਵਾਬ ਵਿਚ ਕਿਹਾ ਕਿ ਸਾਡੇ ਰਣਨੀਤਕ ਸਬੰਧ ਬਹੁਤ ਗੂੜੇ ਹੋਏ ਹਨ। ਦੋਨੋਂ ਦੇਸ਼ਾਂ ਨੇ ਇੰਡੋ-ਪੈਸਿਫਿਕ ਇਕੋਨਾਮਿਕ ਫਰੇਮਵਰਕ (ਆਈ. ਪੀ. ਈ. ਐੱਫ.) ਵਰਗੀ ਨਵੀਂ ਪਹਿਲ ਸ਼ੁਰੂ ਕੀਤੀ ਤਾਂ ਉਥੇ ਆਈ2ਯੂ2 ਨੂੰ ਮਜ਼ਬੂਤ ਕੀਤਾ ਗਿਆ।

ਏਸ਼ੀਆ ’ਚ ਭਾਰਤ-ਅਮਰੀਕਾ ਦੀ ਸਾਂਝੇਦਾਰੀ

ਦੱਖਣੀ ਤੇ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਦੋ-ਪੱਖੀ ਸਬੰਧਾਂ ’ਤੇ ਰਾਜਦੂਤ ਸੰਧੂ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਉੁਨ੍ਹਾਂ ਦਾ ਮੰਨਣਾ ਹੈ ਕਿ ਭਾਰਤ-ਅਮਰੀਕਾ ਸਬੰਧ ਦੁਨੀਆ ਵਿਚ ਸਭ ਤੋਂ ਜ਼ਿਆਦਾ ਬਿਹਤਰ ਸਬੰਧਾਂ ਵਿਚੋਂ ਇਕ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਯੂ. ਐੱਸ. ਦੇ ਰਿਸ਼ਤੇ ਤੈਅ ਕਰਨਗੇ ਕਿ ਏਸ਼ੀਆ ਆਜ਼ਾਦ ਅਤੇ ਲੋਕਤਾਂਤਰਿਕ ਰਹੇਗਾ ਜਾਂ ਨਹੀਂ। ਲੂ ਨੇ ਕਿਹਾ ਕਿ ਇਹ ਸਾਡੇ ਸਬੰਧਾਂ ਲਈ ਜ਼ਿਕਰਯੋਗ ਤੇ ਇਤਿਹਾਸਕ ਸਾਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਰੋਕਣ ਲਈ ਦੋਨੋਂ ਦੇਸ਼ਾਂ ਨੇ ਸਫਲਤਾਪੂਰਵਕ ਕੰਮ ਕੀਤਾ ਹੈ।

2023 ਵਿਚ ਕੀ ਹੋਵੇਗਾ?

ਸਾਲ 2022 ਦੇ ਬਿਹਤਰੀਨ ਤਾਲਮੇਲ ਤੋਂ ਬਾਅਦ 2023 ਵਿਚ ਭਾਰਤ-ਅਮਰੀਕਾ ਸਬੰਧ ਕਿਸੇ ਥਾਂ ’ਤੇ ਹੋਣਗੇ, ਇਸ ਬਾਰੇ ਚਰਚਾ ਕਰਦੇ ਹੋਏ ਲੂ ਨੇ ਕਿਹਾ ਕਿ ਭਾਰਤ ਨੂੰ ਪਹਿਲੀ ਵਾਰ ਜੀ-20 ਦੀ ਪ੍ਰਧਾਨਗੀ ਮਿਲੀ ਹੈ ਅਤੇ ਯੂ. ਐੱਸ. ਏ. ਇਸ ਅਹਿਮ ਜ਼ਿੰਮੇਵਾਰੀ ਦੇ ਸਮਰੱਥਨ ਵਿਚ ਭਾਰਤ ਸਰਕਾਰ ਨਾਲ ਸਾਰੇ ਪੱਧਰਾਂ ’ਤੇ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਰੱਖਿਆ ਅਤੇ ਊਰਜਾ ਦੇ ਖੇਤਰ ’ਚ ਇੱਕਠੇ ਵਧਾਂਗੇ

ਦੱਖਣੀ ਅਤੇ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਕਿਹਾ ਕਿ ਨਵੇਂ ਸਾਲ ਵਿਚ ਅਸੀਂ ਰੱਖਿਆ ਅਤੇ ਸਵੱਛ ਊਰਜਾ ਦੇ ਖੇਤਰ ਵਿਚ ਬਰਾਬਰ ਸਹਿਯੋਗ ਨਾਲ ਜ਼ੋਰ ਦੇਣ ਦਾ ਫੈਸਲਾ ਲਿਆ ਹੈ।

Add a Comment

Your email address will not be published. Required fields are marked *