ਏਅਰ ਹੋਸਟੈੱਸ ਨੇ ਟਾਇਲਟ ਜਾਣ ਤੋਂ ਰੋਕਿਆ ਤਾਂ ਯਾਤਰੀ ਨੇ ਸੀਟ ‘ਤੇ ਹੀ ਕਰ ‘ਤਾ ਪਿਸ਼ਾਬ

ਜੇਕਰ ਤੁਸੀਂ ਜਹਾਜ਼ ‘ਚ ਸਫਰ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਟੇਕਆਫ-ਲੈਂਡਿੰਗ ਅਤੇ ਟੈਕਸੀ ਮੋਡ ਦੌਰਾਨ ਕਿਸੇ ਨੂੰ ਵੀ ਟਾਇਲਟ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਅਸਲ ‘ਚ ਇਹ ਸੁਰੱਖਿਆ ਕਾਰਨਾਂ ਕਰਕੇ ਕੀਤਾ ਜਾਂਦਾ ਹੈ ਪਰ ਇਕ ਹਵਾਈ ਯਾਤਰੀ ਨੇ ਹੱਦ ਪਾਰ ਕਰ ਦਿੱਤੀ। ਲੈਂਡਿੰਗ ਤੋਂ ਬਾਅਦ ਜਦੋਂ ਏਅਰ ਹੋਸਟੈੱਸ ਨੇ ਯਾਤਰੀ ਨੂੰ ਟਾਇਲਟ ਜਾਣ ਤੋਂ ਰੋਕਿਆ ਤਾਂ ਉਸ ਨੇ ਆਪਣੀ ਸੀਟ ‘ਤੇ ਹੀ ਪਿਸ਼ਾਬ ਕਰ ਦਿੱਤਾ। ਇਹ ਅਜੀਬ ਘਟਨਾ ਦੁਬਈ ਤੋਂ ਮਾਨਚੈਸਟਰ ਜਾ ਰਹੀ ਅਮੀਰਾਤ ਏਅਰਲਾਈਨਜ਼ ਦੀ ਫਲਾਈਟ ਵਿੱਚ ਵਾਪਰੀ।

ਮਾਨਚੈਸਟਰ ਈਵਨਿੰਗ ਨਿਊਜ਼ ਮੁਤਾਬਕ ਯਾਤਰੀ ਦੀ ਪਛਾਣ 39 ਸਾਲਾ ਲਾਇਡ ਜਾਨਸਨ ਵਜੋਂ ਹੋਈ ਹੈ, ਜੋ ਆਪਣੀ ਪਤਨੀ ਨਾਲ ਛੁੱਟੀਆਂ ਮਨਾਉਣ ਤੋਂ ਬਾਅਦ ਦੁਬਈ ਤੋਂ ਮਾਨਚੈਸਟਰ ਪਰਤ ਰਿਹਾ ਸੀ। ਲਾਇਡ ਨੂੰ ਮਾਨਚੈਸਟਰ ਹਵਾਈ ਅੱਡੇ ‘ਤੇ ਉਤਰਨ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ, ਜਿੱਥੋਂ ਉਸ ਨੂੰ ਸਿੱਧਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ।

ਲਾਇਡ ਚੈਪਲ-ਐਨ-ਲੇ-ਫ੍ਰੀਥ ਦਾ ਰਹਿਣ ਵਾਲਾ ਹੈ। ਲੈਂਡਿੰਗ ਸਮੇਂ ਉਸ ਨੂੰ ਜ਼ੋਰਾਂ ਦਾ ਪਿਸ਼ਾਬ ਆਇਆ ਪਰ ਏਅਰ ਹੋਸਟੈੱਸ ਨੇ ਉਸ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਲਾਇਡ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਸੀਟ ‘ਤੇ ਬੈਠਿਆਂ ਹੀ ਪਿਸ਼ਾਬ ਕਰ ਦਿੱਤਾ। ਇਸ ਕਾਰਨ ਬਾਕੀ ਯਾਤਰੀਆਂ ਨੂੰ ਵੀ ਪ੍ਰੇਸ਼ਾਨ ਹੋਣਾ ਪਿਆ। ਇਸ ਕੇਸ ਦੀ ਸੁਣਵਾਈ ਮਿਨਸ਼ੁਲ ਸਟਰੀਟ ਕਰਾਊਨ ਕੋਰਟ ਵਿੱਚ ਹੋਈ, ਜਿੱਥੇ ਕਿਹਾ ਗਿਆ ਕਿ ਲਾਇਡ ਨਸ਼ੇ ਵਿੱਚ ਸੀ। ਉਹ ਆਪਣੇ ਪੈਰਾਂ ‘ਤੇ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ। ਉਸ ਦੇ ਮੂੰਹ ‘ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ।

ਇੰਨਾ ਹੀ ਨਹੀਂ, ਉਸ ਨੇ ਬਾਕੀ ਯਾਤਰੀਆਂ ਨਾਲ ਵੀ ਦੁਰਵਿਵਹਾਰ ਕੀਤਾ ਤੇ ਫਲਾਈਟ ‘ਚ ਜੰਮ ਕੇ ਹੰਗਾਮਾ ਕੀਤਾ। ਅਦਾਲਤ ਨੇ ਲਾਇਡ ਨੂੰ ਜਹਾਜ਼ ਵਿੱਚ ਸ਼ਰਾਬੀ ਹੋਣ ਕਾਰਨ £510 (ਯਾਨੀ 52,626.05 ਰੁਪਏ) ਦਾ ਜੁਰਮਾਨਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੂੰ ਇਸ ਲਈ ਜੇਲ੍ਹ ਨਹੀਂ ਭੇਜਿਆ ਗਿਆ ਕਿਉਂਕਿ ਇਹ ਸਾਬਤ ਨਹੀਂ ਹੋ ਸਕਿਆ ਕਿ ਉਸ ਨੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈ।

Add a Comment

Your email address will not be published. Required fields are marked *