ਡਾਂਸ ਪਾਰਟੀ ‘ਚ 3 ਕਿੰਨਰਾਂ ਦੇ ਕਤਲ ਕਰਨ ਵਾਲੇ ਪਾਕਿ ਦੇ ਸਾਬਕਾ ਮੰਤਰੀ ਦੇ ਮੁੰਡੇ ਨੂੰ ਮੌਤ ਦੀ ਸਜ਼ਾ

ਲਾਹੌਰ : ਪਾਕਿਸਤਾਨ ਦੀ ਇਕ ਅਦਾਲਤ ਨੇ ਪੰਜਾਬ ਸੂਬੇ ਵਿਚ 2008 ਵਿਚ 3 ਕਿੰਨਰਾਂ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਮੰਤਰੀ ਦੇ ਮੁੰਡੇ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪੰਜਾਬ ਦੇ ਸਾਬਕਾ ਮੰਤਰੀ ਅਜਮਲ ਚੀਮਾ ਦੇ ਮੁੰਡੇ ਅਹਿਮਦ ਬਿਲਾਲ ਚੀਮਾ ਨੇ 2008 ਵਿਚ ਸਿਆਲਕੋਟ ਵਿਚ ਆਪਣੇ ਆਊਟਹਾਊਸ ਵਿਚ ਟਰਾਂਸਜੈਂਡਰ ਮਜ਼ਹਰ ਹੁਸੈਨ, ਆਮਿਰ ਸ਼ਹਿਜਾਦ ਅਤੇ ਅਬਦੁੱਲ ਜੱਬਾਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜੱਜ ਜਜਿਲਾ ਅਸਲਮ ਨੇ ਦੋਸ਼ੀ ਨੂੰ 3 ਮਾਮਲਿਆਂ ਵਿਚ ਮੌਤ ਦੀ ਸਜ਼ਾ ਸੁਣਾਈ ਅਤੇ ਮੁਆਵਜ਼ੇ ਦੇ ਰੂਪ ਵਿਚ ਪੀੜਤਾਂ ਵਿਚੋਂ ਹਰੇਕ ਦੇ ਰਿਸ਼ਤੇਦਾਰਾਂ ਨੂੰ 5 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਮੁਆਵਜ਼ਾ ਰਕਮ ਨਹੀਂ ਦੇਣ ’ਤੇ ਦੋਸ਼ੀ ਨੂੰ 6 ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਭੁਗਤਣੀ ਪਵੇਗੀ। 

ਪੁਲਸ ਮੁਤਾਬਕ ਚੀਮਾ ਨੇ ਕਿੰਨਰਾਂ ਨੂੰ ਡਾਂਸ ਪਾਰਟੀ ਲਈ ਆਪਣੇ ਘਰ ਦੇ ਬਾਹਰ ਬੁਲਾਇਆ ਸੀ। ਡਾਂਸ ਪਾਰਟੀ ਵਿਚ ਕਿੰਨਰਾਂ ਨੂੰ ਚੀਮਾ ਅਤੇ ਉਸਦੇ ਦੋਸਤਾਂ ਨੇ ਕੁਝ ਅਜਿਹੀਆਂ ਫਰਮਾਇਸ਼ਾਂ ਕੀਤੀਆਂ ਜਿਨ੍ਹਾਂ ਨੂੰ ਕਿੰਨਰਾਂ ਨੇ ਮੰਨਣ ਤੋਂ ਨਾਂਹ ਕਰ ਦਿੱਤੀ ਤਾਂ ਅਹਿਮਦ ਚੀਮਾ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਉਥੇ ਹੀ ਮਾਰ ਦਿੱਤਾ ਸੀ। ਚੀਮਾ ਬਾਅਦ ਵਿਚ ਅਮਰੀਕਾ ਭੱਜਣ ਵਿਚ ਸਫਲ ਰਿਹਾ ਅਤੇ ਜਦੋਂ ਉਹ ਇਸ ਸਾਲ ਜੁਲਾਈ ਵਿਚ ਪਾਕਿਸਤਾਨ ਪਰਤਿਆ ਤਾਂ ਪੁਲਸ ਨੇ ਉਸਨੂੰ ਹਵਾਈ ਅੱਡੇ ’ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਬਾਅਦ ਵਿਚ ਮੁਕੱਦਮਾ ਸ਼ੁਰੂ ਹੋਇਆ। ਇਕ ਪੁਲਸ ਅਧਿਕਾਰੀ ਮੁਤਾਬਕ ਚੀਮਾ ਪਰਿਵਾਰ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ‘ਬਲੱਡ ਮਨੀ’ ਦੇਣ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਲੈਣ ਤੋਂ ਮਨਾ ਕਰ ਦਿੱਤਾ।

Add a Comment

Your email address will not be published. Required fields are marked *