ਫ਼ਿਰੋਜ਼ਪੁਰ- ਲੱਖਾਂ ਦੀ ਹੈਰੋਇਨ ਤੇ 1.50 ਲੱਖ ਦੀ ਡਰੱਗ ਮਨੀ ਸਣੇ 2 ਨਸ਼ਾ ਸਮੱਗਲਰ ਕਾਬੂ

 ਜ਼ਿਲ੍ਹਾ ਫਿਰੋਜ਼ਪੁਰ ਵਿਚ ਐੱਸ. ਐੱਸ. ਪੀ. ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ ਸਮੱਗਲਰਾਂ ਵਿਰੁੱਧ ਸ਼ਿਕੰਜਾ ਕੱਸਦੇ ਹੋਏ ਸੀ. ਆਈ. ਏ. ਸਟਾਫ ਫਿਰੋਜ਼ਪੁਰ ਪੁਲਸ ਨੇ ਸਬ-ਇੰਸਪੈਕਟਰ ਜੱਜਪਾਲ ਸਿੰਘ ਦੀ ਅਗਵਾਈ ਹੇਠ 2 ਕਥਿਤ ਨਸ਼ਾ ਸਮੱਗਲਰਾਂ ਨੂੰ ਡਰੱਗ ਮਨੀ ਅਤੇ ਹੈਰੋਇਨ ਸਮੇਤ ਕਾਰ ’ਤੇ ਆਉਂਦਿਆਂ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਡਿਟੈਕਟਿਵ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਜਦੋਂ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਪਾਰਟੀ ਸਬ-ਇੰਸਪੈਕਟਰ ਜੱਜਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਬੂਟੇ ਵਾਲਾ ਵਿਖੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਸਰਬਜੀਤ ਸਿੰਘ ਉਰਫ ਸਰਵਣ ਸਿੰਘ ਉਰਫ ਜੱਜ ਅਤੇ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਸੁਖਦੇਵ ਸਿੰਘ ਹੈਰੋਇਨ ਵੇਚਣ ਦਾ ਧੰਦਾ ਕਰ ਰਹੇ ਹਨ, ਜੋ ਅੱਜ ਵੀ ਦਿੱਲੀ ਨੰਬਰ ਦੀ ਸਵਿਫਟ ਕਾਰ ’ਤੇ ਫਰੀਦਕੋਟ ਸਾਈਡ ਤੋਂ ਫਿਰੋਜ਼ਪੁਰ ਵੱਲ ਆ ਰਹੇ ਸਨ ਤਾਂ ਪੁਲਸ ਪਾਰਟੀ ਨੇ ਤੁਰੰਤ ਬੱਸ ਸਟੈਂਡ ਨੇਡ਼ੇ ਨਾਕਾਬੰਦੀ ਕਰਦੇ ਨਾਮਜ਼ਦ ਦੋਵੇਂ ਵਿਅਕਤੀਆਂ ਨੂੰ ਦਿੱਲੀ ਨੰਬਰ ਦੀ ਸਵਿਫਟ ਕਾਰ ’ਤੇ ਆਉਂਦਿਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਤਲਾਸ਼ੀ ਲੈਣ ’ਤੇ 107 ਗ੍ਰਾਮ ਹੈਰੋਇਨ ਅਤੇ ਡੇਢ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਨਸ਼ਾ ਸਮੱਗਲਰਾਂ ਖਿਲਾਫ਼ ਥਾਣਾ ਕੁਲਗਡ਼੍ਹੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 53.5 ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਦੂਜੇ ਪਾਸੇ ਏ. ਐੱਸ. ਆਈ. ਦਵਿੰਦਰ ਸਿੰਘ ਦੀ ਅਗਵਾਈ ’ਚ ਥਾਣਾ ਮਮਦੋਟ ਦੀ ਪੁਲਸ ਨੇ ਅਸ਼ੀਸ਼ ਉਰਫ ਨੰਨੂ ਵਾਸੀ ਮਮਦੋਟ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਦੇ ਉਸ ਖਿਲਾਫ਼ ਮਾਮਲਾ ਦਰਜ ਕੀਤਾ ਹੈ।

Add a Comment

Your email address will not be published. Required fields are marked *