ਤਿੰਨ ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕਰ ਰਹੇ ਸਨ ਤਿਆਰੀ

ਕੋਟਾ ‘ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ 3 ਵਿਦਿਆਰਥੀਆਂ ਨੇ ਵੱਖ-ਵੱਖ ਘਟਨਾਵਾਂ ‘ਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ‘ਚੋਂ ਦੋ ਬਿਹਾਰ ਦੇ ਸਨ ਜਦਕਿ ਇਕ ਨਾਬਾਲਗ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਸਬੰਧੀ ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ।

ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਬਿਹਾਰ ਦੇ ਸੁਪੌਲ ਜ਼ਿਲੇ ਦੇ ਰਹਿਣ ਵਾਲੇ NEET ਪ੍ਰੀਖਿਆਰਥੀ ਅੰਕੁਸ਼ ਆਨੰਦ (18) ਅਤੇ ਗਯਾ ਜ਼ਿਲ੍ਹੇ ਦੇ ਜੇ.ਈ.ਈ. ਪ੍ਰੀਖਿਆਰਥੀ ਉੱਜਵਲ ਕੁਮਾਰ (17) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਬਿਹਾਰ ਦੇ ਰਹਿਣ ਵਾਲੇ ਦੋਵੇਂ ਵਿਦਿਆਰਥੀ ਜਵਾਹਰ ਨਗਰ ਥਾਣਾ ਖੇਤਰ ਦੇ ਤਲਵੰਡੀ ਇਲਾਕੇ ਵਿਚ ਇਕ ਮਕਾਨ ਵਿਚ ਕਿਰਾਏਦਾਰ ਵਜੋਂ ਰਹਿ ਰਹੇ ਸਨ। ਸੋਮਵਾਰ ਸਵੇਰਾ ਉਨ੍ਹਾਂ ਦੀਆਂ ਲਾਸ਼ਾਂ ਆਪਣੇ-ਆਪਣੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਲਟਕਦੀਆਂ ਮਿਲੀਆਂ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਤੋਂ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (ਐੱਨ.ਈ.ਈ.ਟੀ.) ਦੀ ਤਿਆਰੀ ਕਰ ਰਹੇ ਪ੍ਰਣਵ ਵਰਮਾ (17) ਨੇ ਐਤਵਾਰ ਦੇਰ ਰਾਤ ਕੁਨਹਾਰੀ ਥਾਣਾ ਖੇਤਰ ਵਿਚ ਸਥਿਤ ਆਪਣੇ ਹੋਸਟਲ ਵਿਚ ਕਥਿਤ ਤੌਰ ’ਤੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਇਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਇਨ੍ਹਾਂ ਮਾਮਲਿਆਂ ‘ਚ ਅਗਲੇਰੀ ਕਾਰਵਾਈ ਕਰ ਰਹੀ ਹੈ।

Add a Comment

Your email address will not be published. Required fields are marked *