ਭਾਰਤ ਜੋੜੋ ਯਾਤਰਾ: ਰਾਹੁਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸ਼ਾਹ ਨੂੰ ਪੱਤਰ
![](http://mehakewattan.com/wp-content/uploads/2022/12/download-1-12.jpg)
ਨਵੀਂ ਦਿੱਲੀ, 28 ਦਸੰਬਰ-: ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਭਾਰਤ ਜੋੜੋ ਯਾਤਰਾ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਤੇ ਹੋਰਨਾਂ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਸ੍ਰੀ ਸ਼ਾਹ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੋਂ ਭਾਰਤ ਜੋੜੋ ਯਾਤਰਾ ਦਿੱਲੀ ਵਿੱਚ ਦਾਖਲ ਹੋਈ ਹੈ ਤਾਂ ਕਈ ਵਾਰ ਸੁਰੱਖਿਆ ਪ੍ਰਬੰਧਾਂ ਵਿੱਚ ਖਾਮੀਆਂ ਦੇਖਣ ਨੂੰ ਮਿਲੀਆਂ ਹਨ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਯਾਤਰਾ ਦੇ ਕੈਂਪ ਵਾਲੀ ਥਾਂ ਵਿੱਚ ਕਈ ਸ਼ਰਾਰਤੀ ਅਨਸਰ ਦਾਖਲ ਹੋ ਗਏ ਜੋ ਕਿ ਖੁਦ ਨੂੰ ਹਰਿਆਣਾ ਦੇ ਚੌਕਸੀ ਵਿਭਾਗ ਦੇ ਮੁਲਾਜ਼ਮ ਦੱਸ ਰਹੇ ਸਨ ਅਤੇ ਯਾਤਰਾ ਵਿੱਚ ਸ਼ਾਮਲ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਸਨ। ਵੇਣੂਗੋਪਾਲ ਨੇ ਭਾਰਤ ਜੋੜੋ ਯਾਤਰਾ ਨੂੰ ‘ਕੌਮੀ ਯਾਤਰਾ’ ਦਰਸਾਉਂਦਿਆਂ ਕਿਹਾ ਕਿ ਪਾਰਟੀ ਵੱਲੋਂ ਕਸ਼ਮੀਰ ਵਿੱਚ ਕੌਮੀ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨੈਸ਼ਨਲ ਕਾਨਫਰੰਸ ਆਗੂ ਫਾਰੂਕ ਅਬਦੁਲਾ ਤੇ ਉਮਰ ਅਬਦੁਲਾ ਸਣੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਤੇ ਸੀਪੀਐੱਮ ਆਗੂ ਐੱਮਵਾਈ ਤਾਰੀਗਾਮੀ ਵੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣਗੇ।