ਪੰਜਾਬ ‘ਚ ਹੁਣ ਇਨ੍ਹਾਂ ਅਧਿਆਪਕਾਂ ‘ਤੇ ਡਿੱਗ ਸਕਦੀ ਹੈ ਗਾਜ਼, ਕੈਬਨਿਟ ਮੰਤਰੀ ਨੇ ਜਾਰੀ ਕੀਤਾ ਪੱਤਰ

ਜਲਾਲਾਬਾਦ : ਸਮੇਂ-ਸਮੇਂ ਦੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਸਮੇਂ ਤੋਂ ਸਿਆਸੀ ਗਤੀਵਿਧੀਆਂ ’ਚ ਆਪਣੀ ਪਛਾਣ ਬਣਾਉਣ ਲਈ ਅਧਿਆਪਕ ਸਿਆਸੀ ਗਤੀਵਿਧੀਆਂ ’ਚ ਤੇਜ਼ੀ ਨਾਲ ਹਿੱਸਾ ਲੈ ਰਹੇ ਸਨ। ਇਸ ਕਾਰਨ ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡੇ ਪੱਧਰ ’ਤੇ ਖਿਲਵਾੜ ਹੋ ਰਿਹਾ ਸੀ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂਹਰਸਹਾਏ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਫ਼ੌਜਾ ਸਿੰਘ ਸਰਾਰੀ ਵੱਲੋਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਸਿਆਸੀ ਗਤੀਵਿਧੀਆਂ ’ਚ ਹਿੱਸਾ ਲੈਣ ਵਾਲੇ ਅਧਿਆਪਕਾਂ ਦੀ ਜਾਂਚ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਕੈਬਨਿਟ ਮੰਤਰੀ ਵੱਲੋਂ ਪੱਤਰ ਜਾਰੀ ਹੋਣ ਤੋਂ ਬਾਅਦ ਡਾਇਰਕੈਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮੀਮੋ ਨੰਬਰ 26724/1007 ਮਿਤੀ 22 ਦਸਬੰਰ ਨੂੰ ਜਾਰੀ ਕਰ ਕੇ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਨਾਲ ਸਬੰਧਿਤ ਬਹੁਤ ਸਾਰੇ ਅਧਿਆਪਕ ਸਿਆਸੀ ਗਤੀਵਿਧੀਆਂ ’ਚ ਹਿੱਸਾ ਲੈ ਰਹੇ ਹਨ, ਜਿਸ ਕਾਰਨ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਅਧਿਆਪਕ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਕਰ ਰਹੇ, ਇਸ ਲਈ ਉਨ੍ਹਾਂ ਵੱਲੋਂ ਵਿਭਾਗ ਤੋਂ ਪੜਤਾਲ ਕਰਵਾ ਕੇ ਸਬੰਧਿਤ ਅਧਿਆਪਕਾਂ ਖ਼ਿਲਾਫ਼ ਅਨੁਸਾਸ਼ਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਪੱਤਰ ਰਾਹੀਂ ਸਮੂਹ ਅਧਿਆਪਕਾਂ ਨੂੰ ਸਿਆਸੀ ਗਤੀਵਿਧੀਆਂ ’ਚ ਹਿੱਸਾ ਨਾ ਲੈਣ ਦੀ ਤਾੜਨਾ ਕਰਦੇ ਹੋਏ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਸਹੀ ਢੰਗ ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ’ਚ ਕੁੱਝ ਅਧਿਆਪਕ ਸਿਆਸੀ ਲੀਡਰਾਂ ਨਾਲ ਗੂੜ੍ਹੇ ਸਬੰਧ ਬਣਾਉਂਦੇ ਸਨ ਅਤੇ ਉਨ੍ਹਾਂ ਦੇ ਵੋਟ ਬੈਂਕ ’ਚ ਵਾਧਾ ਕਰਵਾਉਣ ਲਈ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਹਨ।

ਇਸ ਸਬੰਧੀ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਕਿਹਾ ਕਿ ਅਧਿਆਪਕ ਨੂੰ ਲੋਕਤੰਤਰ ’ਚ ਕਿਸੇ ਵੀ ਪਾਰਟੀ ਨੂੰ ਵੋਟ ਦੇਣ ਦਾ ਅਧਿਕਾਰ ਹੈ ਪਰ ਸਰਕਾਰੀ ਨੌਕਰੀ ਦੌਰਾਨ ਸਕੂਲਾਂ ਤੋਂ ਗਾਇਬ ਹੋ ਕੇ ਸਿਆਸੀ ਲੋਕਾਂ ਨਾਲ ਚੱਲਣਾ, ਉਨ੍ਹਾਂ ਦੇ ਇਸ਼ਾਰਿਆਂ ’ਤੇ ਚੱਲਣਾ ਇਹ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਇਹ ਕਦਮ ਚੁੱਕਿਆ ਗਿਆ ਹੈ ਤਾਂ ਕਿ ਅਧਿਆਪਕ ਸਿਰਫ ਸਕੂਲਾਂ ‘ਚ ਹੀ ਤਾਇਨਾਤ ਰਹਿ ਕੇ ਆਪਣੀ ਡਿਊਟੀ ਨਿਭਾਉਣ।

Add a Comment

Your email address will not be published. Required fields are marked *