ਜੰਮੂ-ਕਸ਼ਮੀਰ ‘ਚ ਜੋਸ਼ੀਮਠ ਵਰਗੀ ਤਬਾਹੀ, ਡੋਡਾ ‘ਚ ਜ਼ਮੀਨ ਖਿਸਕਣ ਕਾਰਨ ਮਕਾਨਾਂ ’ਚ ਆਈਆਂ ਤਰੇੜਾਂ

ਡੋਡਾ/ਕਿਸ਼ਤਵਾੜ: ਉੱਤਰਾਖੰਡ ਦੇ ਜੋਸ਼ੀਮਠ ਵਾਂਗ ਜ਼ਿਲ੍ਹਾ ਡੋਡਾ ਦੇ ਠਾਠਰੀ ਪਿੰਡ ’ਚ ਵੀ ਜ਼ਮੀਨ ਧਸਣ ਕਾਰਨ ਦਰਜਨਾਂ ਰਿਹਾਇਸ਼ੀ ਮਕਾਨਾਂ ’ਚ ਤਰੇੜਾਂ ਆ ਗਈਆਂ ਹਨ। ਪ੍ਰਭਾਵਿਤ ਪਰਿਵਾਰ ਖਤਰੇ ਨੂੰ ਦੇਖਦਿਆਂ ਸੁਰੱਖਿਅਤ ਥਾਵਾਂ ’ਤੇ ਸ਼ਰਨ ਲੈ ਰਹੇ ਹਨ। ਲਗਾਤਾਰ ਤਰੇੜਾਂ ਵਧਣ ਨਾਲ ਪੂਰੀ ਬਸਤੀ ’ਚ ਦਹਿਸ਼ਤ ਹੈ। ਹਾਲਾਂਕਿ ਅਜੇ ਜ਼ਮੀਨ ਧਸਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਭੂ-ਵਿਗਿਆਨ ਦੇ ਮਾਹਿਰਾਂ ਦੀ ਟੀਮ ਜਾਂਚ ’ਚ ਜੁਟੀ ਹੈ।

ਜਾਣਕਾਰੀ ਅਨੁਸਾਰ ਇਕ ਮਹੀਨਾ ਪਹਿਲਾਂ ਠਾਠਰੀ ਦੀ ਨਵੀਂ ਬਸਤੀ ਇਲਾਕੇ ’ਚ ਇਕ ਰਿਹਾਇਸ਼ੀ ਮਕਾਨ ’ਚ ਤਰੇੜਾਂ ਆਉਣ ਦੀ ਸ਼ਿਕਾਇਤ ਪ੍ਰਸ਼ਾਸਨ ਕੋਲ ਆਈ ਸੀ। ਹੌਲੀ-ਹੌਲੀ ਹੋਰ ਘਰਾਂ ’ਚ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ, ਜਦੋਂ ਕਿ ਪਿਛਲੇ 2-3 ਦਿਨਾਂ ’ਚ ਤਰੇੜਾਂ ਤੇਜ਼ੀ ਨਾਲ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦਰਮਿਆਨ ਸ਼ੁੱਕਰਵਾਰ ਸਵੇਰੇ ਜ਼ਮੀਨ ਧਸਣ ਨਾਲ ਕਈ ਕੰਧਾਂ ਵੀ ਡਿੱਗ ਗਈਆਂ, ਜਿਸ ਤੋਂ ਬਾਅਦ ਸਾਰੇ ਪ੍ਰਭਾਵਿਤ ਮਕਾਨ ਖਾਲੀ ਕਰਵਾ ਲਏ ਗਏ ਹਨ।

ਡੀ.ਸੀ. ਡੋਡਾ ਵਿਸ਼ੇਸ਼ ਪਾਲ ਮਹਾਜਨ ਨੇ ਦੱਸਿਆ ਕਿ ਅਸੀਂ ਸਥਿਤੀ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਹਾਂ ਅਤੇ ਸਾਰੇ ਸਬੰਧਤ ਉੱਚ ਅਧਿਕਾਰੀ ਮੌਕੇ ’ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਹੈ ਕਿ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ। ਇਸ ਦੇ ਨਾਲ ਹੀ ਮਾਹਿਰਾਂ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *