ਪਾਕਿ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ; ਲੈਫਟੀਨੈਂਟ ਜਨਰਲ ਸਣੇ ਛੇ ਹਲਾਕ

ਇਸਲਾਮਾਬਾਦ:ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਲਈ ਤਾਇਨਾਤ ਪਾਕਿਸਤਾਨੀ ਫ਼ੌਜ ਦਾ ਇੱਕ ਹੈਲੀਕਾਪਟਰ ਏਅਰ ਟਰੈਫਿਕ ਕੰਟਰੋਲ ਨਾਲੋਂ ਸੰਪਰਕ ਟੁੱਟਣ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇਸ ਵਿੱਚ ਸਵਾਰ ਪਾਕਿਸਤਾਨੀ ਫ਼ੌਜ ਦੇ ਲੈਫਟੀਨੈਂਟ ਜਨਰਲ ਅਤੇ ਪੰਜ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਮੌਤ ਹੋ ਗਈ। ਹੈਲੀਕਾਪਟਰ ਵਿੱਚ 12 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਤੋਂ ਇਲਾਵਾ ਪੰਜ ਹੋਰ ਫ਼ੌਜੀ ਅਧਿਕਾਰੀਆਂ ਸਵਾਰ ਸਨ, ਜੋ ਬਲੋਚਿਸਤਾਨ ਵਿੱਚ ਹੜ੍ਹ ਕਾਰਜਾਂ ਦੀ ਨਿਗਰਾਨੀ ਲਈ ਜਾ ਰਹੇ ਸਨ। ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਅਧਿਕਾਰੀ ਮੇਜਰ ਜਨਰਲ ਬਾਬਰ ਇਫਤਿਖਾਰ ਮੁਤਾਬਕ ਹੜ੍ਹ ਰਾਹਤ ਕਾਰਜਾਂ ਲਈ ਤਾਇਨਾਤ ਹੈਲੀਕਾਪਟਰ ਦਾ ਮਲਬਾ ਮੂਸਾ ਗੋਥ, ਵਿੰਦਾਰ ਤੇ ਲਾਸਬੇਲਾ ’ਚੋਂ ਮਿਲਿਆ ਹੈ। ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਸਮੇਤ ਸਾਰੇ ਛੇ ਅਧਿਕਾਰੀਆਂ ਅਤੇ ਸਿਪਾਹੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਮੁਤਾਬਕ ਹਾਦਸਾ ਖ਼ਰਾਬ ਮੌਸਮ ਕਰਕੇ ਵਾਪਰਿਆ ਹੋ ਸਕਦਾ ਹੈ। ਅਖਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਜਨਰਲ ਸਰਫਰਾਜ਼ ਪਿਛਲੇ ਸਾਲ ਅਕਤੂਬਰ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਦੇ ਡਾਇਰੈਕਟਰ ਜਨਰਲ ਦੇ ਅਹੁਦੇ ਲਈ ਇੰਟਰਵਿਊ ਕੀਤੇ ਗਏ ਦਾਅਵੇਦਾਰਾਂ ’ਚੋਂ ਇੱਕ ਸਨ। ਉਹ ਅਮਰੀਕਾ ਵਿੱਚ ਪਾਕਿਸਤਾਨ ਦੇ ਰੱਖਿਆ ਅਧਿਕਾਰੀ ਵਜੋਂ ਵੀ ਕੰਮ ਕਰ ਚੁੱਕੇ ਹਨ।

Add a Comment

Your email address will not be published. Required fields are marked *