ਸ਼੍ਰੀਲੰਕਾ ਦੀ ਅਦਾਲਤ ਨੇ 18 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

ਕੋਲੰਬੋ- ਸ਼੍ਰੀਲੰਕਾ ਦੀ ਇਕ ਅਦਾਲਤ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਸ਼੍ਰੀਲੰਕਾ ਦੇ ਜਲ ਖੇਤਰ ਵਿਚ ਕਥਿਤ ਤੌਰ ‘ਤੇ ਮੱਛੀਆਂ ਫੜਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ 18 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਛੇਰਿਆਂ ਨੂੰ 7 ਫਰਵਰੀ ਨੂੰ ਉੱਤਰੀ ਸ਼੍ਰੀਲੰਕਾ ਦੇ ਜਾਫਨਾ ਵਿੱਚ ਡੇਲਫਟ ਆਈਲੈਂਡ ਦੇ ਸਮੁੰਦਰ ਤੱਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਫਨਾ ਵਿੱਚ ਮੈਜਿਸਟਰੇਟ ਨੇ ਵੀਰਵਾਰ ਨੂੰ 18 ਮਛੇਰਿਆਂ ਨੂੰ ਰਿਹਾਅ ਕੀਤਾ ਅਤੇ ਮੱਛੀਆਂ ਫੜਨ ਲਈ ਵਰਤੀਆਂ ਗਈਆਂ ਕਿਸ਼ਤੀਆਂ ਦੇ 2 ਡਰਾਈਵਰਾਂ ਨੂੰ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਵੀ ਸੁਣਾਈ ਅਤੇ ਕਿਸ਼ਤੀਆਂ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ। ਜਦੋਂ ਮਛੇਰਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ।

ਮੈਜਿਸਟਰੇਟ ਨੇ ਸ਼੍ਰੀਲੰਕਾ ਦੀ ਜਲ ਸੈਨਾ ਅਤੇ ਜਾਫਨਾ ਸਥਿਤ ਭਾਰਤੀ ਡਿਪਟੀ ਹਾਈ ਕਮਿਸ਼ਨ ਦਫ਼ਤਰ ਦੀ ਮਦਦ ਨਾਲ ਉਨ੍ਹਾਂ ਨੂੰ ਵਾਪਸ ਭੇਜਣ ਦਾ ਹੁਕਮ ਦਿੱਤਾ। ਉੱਤਰੀ ਮਛੇਰੇ ਸੰਗਠਨਾਂ ਨੇ 20 ਫਰਵਰੀ ਨੂੰ ਜਾਫਨਾ ਵਿੱਚ ਭਾਰਤੀ ਡਿਪਟੀ ਹਾਈ ਕਮਿਸ਼ਨ ਦੇ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰਕੇ ਸ੍ਰੀਲੰਕਾ ਦੇ ਜਲ ਖੇਤਰ ਵਿੱਚ ਭਾਰਤੀ ਮਛੇਰਿਆਂ ਵੱਲੋਂ ਗੈਰ ਕਾਨੂੰਨੀ ਮੱਛੀ ਫੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਦਖ਼ਲ ਦੀ ਮੰਗ ਕੀਤੀ ਸੀ। ਸ਼੍ਰੀਲੰਕਾ ਦੀ ਜਲ ਸੈਨਾ ਨੇ ਇਸ ਮਹੀਨੇ ਹੁਣ ਤੱਕ 40 ਤੋਂ ਵੱਧ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਲ 2023 ਦੌਰਾਨ ਸ਼੍ਰੀਲੰਕਾ ਦੀ ਜਲ ਸੈਨਾ ਨੇ ਮੱਛੀਆਂ ਫੜਨ ਵਾਲੀਆਂ 35 ਕਿਸ਼ਤੀਆਂ ਸਮੇਤ 240 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

Add a Comment

Your email address will not be published. Required fields are marked *