17 ਦਿਨਾਂ ਬਾਅਦ ਮਜ਼ਦੂਰਾਂ ਦੇ ਸੁਰੰਗ ‘ਚੋਂ ਬਾਹਰ ਆਉਣ ‘ਤੇ ਸਿਆਸਤਦਾਨਾਂ ਨੇ ਜਤਾਈ ਖੁਸ਼ੀ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ‘ਚ ਲਗਭਗ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਸਫਲ ਆਪ੍ਰੇਸ਼ਨ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਸਾਰਿਆਂ ਲਈ ਭਾਵੁਕ ਪਲ ਹੈ। ਮੁਰਮੂ ਨੇ ਕਿਹਾ ਕਿ ਰਾਸ਼ਟਰ ਮਜ਼ਦੂਰਾਂ ਦੀ ਸਹਿਣ ਸ਼ਕਤੀ ਨੂੰ ਸਲਾਮ ਕਰਦਾ ਹੈ ਅਤੇ ਵੱਡੇ ਨਿੱਜੀ ਜੋਖਮ ਦੇ ਬਾਵਜੂਦ ਨਾਜ਼ੁਕ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਉਨ੍ਹਾਂ ਦਾ ਧੰਨਵਾਦੀ ਹੈ।

ਉਨ੍ਹਾਂ X ‘ਤੇ ਲਿਖਿਆ, “ਮੈਂ ਉਨ੍ਹਾਂ ਟੀਮਾਂ ਤੇ ਸਾਰੇ ਮਾਹਿਰਾਂ ਨੂੰ ਵਧਾਈ ਦਿੰਦੀ ਹਾਂ, ਜਿਨ੍ਹਾਂ ਨੇ ਇਤਿਹਾਸ ਦੇ ਸਭ ਤੋਂ ਮੁਸ਼ਕਿਲ ਬਚਾਅ ਕਾਰਜਾਂ ‘ਚੋਂ ਇਕ ਨੂੰ ਪੂਰਾ ਕਰਨ ਲਈ ਅਵਿਸ਼ਵਾਸਯੋਗ ਧੀਰਜ ਅਤੇ ਦ੍ਰਿੜ੍ਹਤਾ ਨਾਲ ਕੰਮ ਕੀਤਾ ਹੈ।” ਵਰਕਰਾਂ ਨੂੰ ਸੁਰੰਗ ‘ਚੋਂ ਬਾਹਰ ਕੱਢਣ ਤੋਂ ਤੁਰੰਤ ਬਾਅਦ ਮੋਦੀ ਨੇ ਆਪ੍ਰੇਸ਼ਨ ਵਿੱਚ ਸ਼ਾਮਲ ਲੋਕਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਹੌਸਲੇ ਅਤੇ ਦ੍ਰਿੜ੍ਹ ਇਰਾਦੇ ਨੇ ਮਜ਼ਦੂਰਾਂ ਨੂੰ ਇਕ ਨਵੀਂ ਜ਼ਿੰਦਗੀ ਦਿੱਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਦੇਸ਼ ਲਈ ਬਹੁਤ ਚੰਗੀ ਖ਼ਬਰ ਹੈ ਅਤੇ ਉਹ ਕਰਮਚਾਰੀਆਂ ਦੇ ਸਬਰ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਤੋਂ ਅਜਿਹੀ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕੀਤਾ ਹੈ। ਸ਼ਾਹ ਨੇ ਉਨ੍ਹਾਂ ਸਾਰੇ ਲੋਕਾਂ ਅਤੇ ਏਜੰਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਅਣਥੱਕ ਮਿਹਨਤ ਕੀਤੀ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਹ “ਰਾਹਤ ਅਤੇ ਖੁਸ਼ੀ” ਮਹਿਸੂਸ ਕਰ ਰਹੇ ਹਨ ਕਿ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ, “ਇਹ ਕਈ ਏਜੰਸੀਆਂ ਦਾ ਇਕ ਤਾਲਮੇਲ ਵਾਲਾ ਯਤਨ ਸੀ, ਜੋ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਮਹੱਤਵਪੂਰਨ ਬਚਾਅ ਕਾਰਜਾਂ ‘ਚੋਂ ਇਕ ਸੀ। ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੱਖ-ਵੱਖ ਵਿਭਾਗਾਂ ਅਤੇ ਏਜੰਸੀਆਂ ਨੇ ਇਕ ਦੂਜੇ ਨਾਲ ਮਿਲ ਕੇ ਕੰਮ ਕੀਤਾ।”

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਾਰਿਆਂ ਲਈ ਇਹ ਵੱਡੀ ਰਾਹਤ ਅਤੇ ਖੁਸ਼ੀ ਦੀ ਗੱਲ ਹੈ ਕਿ ਮਜ਼ਦੂਰਾਂ ਨੂੰ ਸੁਰੰਗ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਤੁਰੰਤ ਸਿਹਤ ਲਾਭ ਅਤੇ ਉਚਿਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਸਾਰੇ ਨਿਰਮਾਣ ਅਧੀਨ ਪ੍ਰੋਜੈਕਟਾਂ ਦਾ ਸੇਫਟੀ ਆਡਿਟ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਅਜਿਹੇ ਹਾਲਾਤ ਦੁਬਾਰਾ ਨਾ ਪੈਦਾ ਹੋਣ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਰਕਰਾਂ ਦੀ ਸੁਰੱਖਿਅਤ ਵਾਪਸੀ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ‘ਐਕਸ’ ‘ਤੇ ਲਿਖਿਆ, “ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ ਮਜ਼ਦੂਰ ਭਰਾਵਾਂ ਦੀ ਸੁਰੱਖਿਅਤ ਵਾਪਸੀ ਬਹੁਤ ਖੁਸ਼ੀ ਦੀ ਖ਼ਬਰ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੇਰੀ ਦਿਲੋਂ ਵਧਾਈ। ਭਾਰਤ ਦਾ ਨਿਰਮਾਣ ਕਰਨ ਵਾਲੇ ਸਾਡੇ ਮਜ਼ਦੂਰ ਭਰਾਵਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਮੈਂ ਉਨ੍ਹਾਂ ਸਾਰੇ ਬਹਾਦਰਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਇਸ ਮੁਸ਼ਕਿਲ ਮੁਹਿੰਮ ਨੂੰ ਸਫ਼ਲ ਬਣਾਇਆ।”

Add a Comment

Your email address will not be published. Required fields are marked *