ਕਰੋਨਾ ਤੋਂ ਬਚਾਅ ਲਈ ਚੌਕਸ ਰਹਿਣ ਦੀ ਲੋੜ: ਮੋਦੀ

ਦੁਨੀਆ ਦੇ ਕੁਝ ਹਿੱਸਿਆਂ ’ਚ ਕੋਵਿਡ ਕੇਸ ਤੇਜ਼ੀ ਨਾਲ ਫੈਲਣ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲਾਪ੍ਰਵਾਹੀ ਪ੍ਰਤੀ ਚੌਕਸ ਕਰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਆਉਂਦੇ ਤਿਉਹਾਰਾਂ ਦੌਰਾਨ ਭੀੜ-ਭਾੜ ਵਾਲੀਆਂ ਥਾਵਾਂ ’ਤੇ ਲੋਕਾਂ ਨੂੰ ਮਾਸਕ ਪਹਿਨਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕੌਮਾਂਤਰੀ ਹਵਾਈ ਅੱਡਿਆਂ ਸਮੇਤ ਹੋਰ ਥਾਵਾਂ ’ਤੇ ਨਿਗਰਾਨੀ ਦੇ ਕਦਮ ਮਜ਼ਬੂਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਥੇ ਉੱਚ ਪੱਧਰੀ ਮੀਟਿੰਗ ਦੌਰਾਨ ਮੋਦੀ ਨੇ ਸੂਬਿਆਂ ਨੂੰ ਸਲਾਹ ਦਿੱਤੀ ਕਿ ਉਹ ਆਕਸੀਜਨ ਸਿਲੰਡਰਾਂ, ਪੀਐੱਸਏ ਪਲਾਂਟਾਂ, ਵੈਂਟੀਲੇਟਰਾਂ ਅਤੇ ਮਨੁੱਖੀ ਸਰੋਤਾਂ ਸਮੇਤ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨਾਲ ਸਬੰਧਤ ਕੋਵਿਡ ਵਿਸ਼ੇਸ਼ ਸਹੂਲਤਾਂ ਦਾ ਲੇਖਾ-ਜੋਖਾ ਕਰਨ। ਪ੍ਰਧਾਨ ਮੰਤਰੀ ਨੇ ਬੂਸਟਰ ਡੋਜ਼ ਲਗਵਾਉਣ ਪ੍ਰਤੀ ਲੋਕਾਂ ਨੂੰ ਪ੍ਰੇਰਣ ਲਈ ਆਖਦਿਆਂ ਕਿਹਾ ਕਿ ਬਿਮਾਰ ਅਤੇ ਬਜ਼ੁਰਗਾਂ ਨੂੰ ਖਾਸ ਤੌਰ ’ਤੇ ਇਹਤਿਆਤੀ ਖੁਰਾਕ ਜ਼ਰੂਰ ਲਗਵਾਈ ਜਾਵੇ। ਦੇਸ਼ ’ਚ ਕੋਵਿਡ-19 ਦੇ ਹਾਲਾਤ ਅਤੇ ਤਿਆਰੀਆਂ ਸਬੰਧੀ ਜਾਇਜ਼ਾ ਲੈਣ ਲਈ ਸੱਦੀ ਗਈ ਮੀਟਿੰਗ ਦੌਰਾਨ ਮੋਦੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਟੈਸਟਾਂ ਅਤੇ ਜੀਨੋਮ ਸੀਕੁਐਂਸਿੰਗ ’ਚ ਤੇਜ਼ੀ ਲਿਆਉਣ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਸੂਬੇ ਤੈਅਸ਼ੁਦਾ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਨਮੂਨੇ ਸਾਂਝੇ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਨਵੇਂ ਸਰੂਪਾਂ ਦਾ ਸਮੇਂ ਸਿਰ ਪਤਾ ਲਗਾਉਣ ’ਚ ਸਹਾਇਤਾ ਮਿਲੇਗੀ।

ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਦੇਸ਼ ’ਚ ਕਰੋਨਾ ਕੇਸਾਂ ’ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਔਸਤਨ ਰੋਜ਼ਾਨਾ ਕੇਸ ਘਟ ਕੇ 153 ਅਤੇ ਹਫ਼ਤਾਵਾਰੀ ਪਾਜ਼ੇਟੀਵਿਟੀ ਦਰ ਘਟ ਕੇ 0.14 ਫ਼ੀਸਦ ਹੋ ਗਈ ਹੈ। ਉਂਜ ਪਿਛਲੇ ਹਫ਼ਤਿਆਂ ਤੋਂ ਆਲਮੀ ਪੱਧਰ ’ਤੇ 5.9 ਲੱਖ ਰੋਜ਼ਾਨਾ ਔਸਤਨ ਕੇਸ ਸਾਹਮਣੇ ਆਏ ਹਨ। ਸ੍ਰੀ ਮੋਦੀ ਨੂੰ ਦੱਸਿਆ ਗਿਆ ਕਿ ਦਵਾਈਆਂ, ਵੈਕਸੀਨ ਅਤੇ ਹਸਪਤਾਲਾਂ ’ਚ ਢੁੱਕਵੇਂ ਬੈੱਡ ਹਨ। ਉਨ੍ਹਾਂ ਲੋੜੀਂਦੀਆਂ ਦਵਾਈਆਂ ਦੀ ਉਪਲੱਬਧਤਾ ਅਤੇ ਕੀਮਤਾਂ ’ਤੇ ਨਿਯਮਤ ਨਿਗਰਾਨੀ ਦੀ ਵੀ ਸਲਾਹ ਦਿੱਤੀ। ਫਰੰਟਲਾਈਨ ਸਿਹਤ ਵਰਕਰਾਂ ਦੀ ਆਲਮੀ ਤੌਰ ’ਤੇ ਹੋਈ ਪ੍ਰਸ਼ੰਸਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪਹਿਲਾਂ ਵਰਗੇ ਉਤਸ਼ਾਹ ਅਤੇ ਸਮਰਪਣ ਨਾਲ ਕੰਮ ਜਾਰੀ ਰੱਖਣ ਦਾ ਸੱਦਾ ਦਿੱਤਾ। ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੁਖ ਮਾਂਡਵੀਆ, ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ, ਨੀਤੀ ਆਯੋਗ ਦੇ ਸੀਈਓ ਪਰਮੇਸ਼ਵਰਨ ਅਈਅਰ, ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ ਕੇ ਪੌਲ, ਕੈਬਨਿਟ ਸਕੱਤਰ ਰਾਜੀਵ ਗਾਬਾ, ਗ੍ਰਹਿ ਸਕੱਤਰ ਏ ਕੇ ਭੱਲਾ, ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Add a Comment

Your email address will not be published. Required fields are marked *