ਵਿਅਕਤੀ ਨੂੰ ਕੁਆਰੰਟੀਨ ‘ਚ ਲਿਜਾਣ ਲਈ ਚੀਨੀ ਅਧਿਕਾਰੀਆਂ ਨੇ ਕੀਤੀ ਬੇਰਹਿਮੀ

ਬੀਜਿੰਗ- ਚੀਨ ਵਿੱਚ, ਕੋਵਿਡ ਪਾਬੰਦੀਆਂ ਨੂੰ ਲੈ ਕੇ ਇੱਕ ਵਾਰ ਫਿਰ ਸਰਕਾਰ ਦੀ ਬੇਰਹਿਮੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਚੀਨੀ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਚੀਨ ਦੇ ਦੱਖਣੀ ਸ਼ਹਿਰ ਹਾਂਗਜ਼ੂ ਵਿੱਚ ਕੋਵਿਡ ਸੁਰੱਖਿਆ ਅਧਿਕਾਰੀ ਇੱਕ ਵਿਅਕਤੀ ਨੂੰ ਉਸਦੇ ਘਰੋਂ ਜ਼ਬਰਨ ਕੁਆਰੰਟੀਨ ਵਿਚ ਲਿਜਾਣ ਲਈ ਉਸ ਨੂੰ ਬੇਰਹਿਮੀ ਨਾਲ ਖਿੱਚ ਰਹੇ ਹਨ, ਜਦੋਂ ਕਿ ਵਿਅਕਤੀ ਕੁਆਰੰਟੀਨ ਵਿੱਚ ਜਾਣ ਤੋਂ ਇਨਕਾਰ ਕਰ ਰਿਹਾ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਗੁੱਸੇ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਨੇ ਮੁਆਫੀ ਮੰਗ ਲਈ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਹੋਏ ਪ੍ਰਦਰਸ਼ਨਾਂ ਦੀ ਜਾਂਚ ਕਰ ਰਹੀ ਦੰਗਾ ਰੋਕੂ ਪੁਲਸ ਨੇ ਜਦੋਂ ਗਵਾਂਗਝੋਉ ਵਿਚ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਜੋ ਪ੍ਰਦਰਸ਼ਨਾਂ ਵਿਚ ਸ਼ਾਮਲ ਨਹੀਂ ਸਨ ਤਾਂ ਲੋਕਾਂ ਦਾ ਗੁੱਸਾ ਭੜਕ ਉਠਿਆ। ਦੰਗਾ ਰੋਕੂ ਪੁਲਸ ਦੇ ਨਾਲ ਉਨ੍ਹਾਂ ਦੀ ਝੜਪ ਹੋ ਗਈ। ਸਖ਼ਤ ਕੋਵਿਡ ਪਾਬੰਦੀਆਂ ਖਿਲਾਫ ਵੀਕਐਂਡ ਵਿਚ ਸ਼ੁਰੂ ਹੋਏ ਪ੍ਰਦਰਸ਼ਨਾਂ ਤੋਂ ਘਬਰਾਈ ਜਿਨਪਿੰਗ ਸਰਕਾਰ ਨੇ ਦੇਸ਼ ਦੇ ਮੁੱਖ ਸ਼ਹਿਰਾਂ ’ਚ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਨੂੰ ਉਤਾਰ ਦਿੱਤਾ ਹੈ। ਪੂਰਬੀ ਸ਼ਹਿਰ ਸ਼ੁਝੋਊ ਵਿਚ ਟੈਂਕ ਤਾਇਨਾਤ ਕੀਤੇ ਜਾਣ ਦੀ ਸੂਚਨਾ ਹੈ। ਲੋਕਾਂ ਦੇ ਮੋਬਾਈਲ ਅਤੇ ਹੋਰ ਉਪਕਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਦਰਸ਼ਨਾਂ ਨਾਲ ਸਬੰਧਤ ਵੀਡੀਓ ਡਿਲੀਟ ਕੀਤੇ ਜਾ ਰਹੇ ਹਨ।

Add a Comment

Your email address will not be published. Required fields are marked *