ਜੇਲ੍ਹ ’ਚ ਭਿੜੇ ਲਾਰੈਂਸ ਬਿਸ਼ਨੋਈ ਤੇ ਕੌਸ਼ਲ ਗੈਂਗ ਦੇ ਗੁਰਗੇ

ਗੁੜਗਾਓਂ –ਗ਼ਲਬੇ ਦੀ ਲੜਾਈ ਨੂੰ ਲੈ ਕੇ ਭੌਂਡਸੀ ਜ਼ਿਲ੍ਹਾ ਜੇਲ੍ਹ ’ਚ ਲਾਰੈਂਸ ਬਿਸ਼ਨੋਈ ਅਤੇ ਕੌਸ਼ਲ ਗੈਂਗ ਦੇ ਗੁਰਗੇ ਆਪਸ ’ਚ ਭਿੜ ਗਏ। ਅਦਾਲਤ ’ਚ ਲਿਜਾਣ ਸਮੇਂ ਭੌਂਡਸੀ ਜੇਲ੍ਹ ਦੇ ਗੇਟ ਨੇੜੇ ਦੋਵਾਂ ਗਿਰੋਹਾਂ ਦੇ ਕਾਰਕੁਨਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਬਚਾਅ ਲਈ ਆਏ ਕੈਦੀਆਂ ਨੂੰ ਵੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ ਭੌਂਡਸੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭੌਂਡਸੀ ਥਾਣੇ ਨੂੰ ਦਿੱਤੀ ਸ਼ਿਕਾਇਤ ’ਚ ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਜੇਲ੍ਹ ’ਚ ਬੰਦ ਕੈਦੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ।

ਇਸ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਠੇੜੀ ਗੈਂਗ ਦੇ ਸਰਗਣਾ ਮੋਹਿਤ, ਭਰਤ, ਨਿਤੇਸ਼ ਉਰਫ਼ ਪੰਜਾ, ਆਕਾਸ਼ ਅਤੇ ਲਲਿਤ ਨੇ ਕੌਸ਼ਲ ਗੈਂਗ ਦੇ ਸਰਗਣਾ ਅਨਿਲ ਉਰਫ਼ ਲੱਠ ’ਤੇ ਹਮਲਾ ਕਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਝਗੜਾ ਹੁੰਦਾ ਦੇਖ ਕੇ ਆਸ-ਪਾਸ ਮੌਜੂਦ ਹਵਾਲਾਤੀਆਂ ਉਮੇਸ਼, ਸਚਿਨ, ਸੰਜੇ ਅਤੇ ਸੁਸ਼ੀਲ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਪਰ ਪੰਜਾਂ ਨੇ ਮਿਲ ਕੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਦਿੱਤੀ। ਮੌਕੇ ’ਤੇ ਮੌਜੂਦ ਵਾਰਡਨ ਹਾਕਮ ਸਿੰਘ ਅਤੇ ਦਯਾਨੰਦ ਸਮੇਤ ਜੇਲ੍ਹ ਪ੍ਰਸ਼ਾਸਨ ਨੇ ਹੋਰ ਕੈਦੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਵੱਖ ਕੀਤਾ । ਪੰਜਾਂ ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਲਾਰੈਂਸ ਬਿਸ਼ਨੋਈ ਅਤੇ ਕਾਲਾ ਗੈਂਗ ਦੇ ਸਰਗਣਾ ਯਸ਼ਪਾਲ ਉਰਫ਼ ਸਰਪੰਚ ਅਤੇ ਚੰਦ ਰਾਮ ਦੇ ਇਸ਼ਾਰੇ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਕੀਤੀ ਜਾਵੇਗੀ।

Add a Comment

Your email address will not be published. Required fields are marked *