MCD ਚੋਣਾਂ: AAP, ਭਾਜਪਾ ਅਤੇ ਕਾਂਗਰਸ ’ਚ ਤ੍ਰਿਕੋਣਾ ਮੁਕਾਬਲਾ

ਨਵੀਂ ਦਿੱਲੀ- ਦਿੱਲੀ ’ਚ ਨਗਰ ਨਿਗਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਬੁੱਧਵਾਰ ਭਾਵ ਅੱਜ ਵੋਟਾਂ ਦੀ ਗਿਣਤੀ ਹੋਵੇਗੀ, ਜਿਸ ਲਈ 42 ਕੇਂਦਰ ਬਣਾਏ ਗਏ ਹਨ। ਸਖ਼ਤ ਸੁਰੱਖਿਆ ਦਰਮਿਆਨ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਦਿੱਲੀ ’ਚ 4 ਦਸੰਬਰ ਨੂੰ ਹੋਈਆਂ ਚੋਣਾਂ ’ਚ 50.48 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ।

ਦੱਸ ਦੇਈਏ ਕਿ ਦਿੱਲੀ ਨਗਰ ਨਿਗਮ (MCD) ’ਚ 250 ਵਾਰਡ ਹਨ ਅਤੇ ਇਸ ਚੋਣਾਂ ’ਚ 1349 ਉਮੀਦਵਾਰ ਨੇ ਆਪਣੀ ਕਿਸਮਤ ਅਜਮਾਈ ਹੈ। ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਤ੍ਰਿਕੋਣਾ ਮੁਕਾਬਲਾ ਹੈ। ਓਧਰ ਰਾਜ ਚੋਣ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਵੋਟਾਂ ਦੀ ਗਿਣਤੀ ਲਈ ਪੂਰੀ ਤਿਆਰ ਕਰ ਲਈ ਹੈ। 42 ਵੋਟਿੰਗ ਕੇਂਦਰ ਬਣਾਏ ਗਏ ਹਨ। ਸਖ਼ਤ ਸੁਰੱਖਿਆ ਦਰਮਿਆਨ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

ਵੋਟਿੰਗ ਕੇਂਦਰ ਸ਼ਾਸਤਰੀ ਪਾਰਕ, ਯਮੁਨਾ ਵਿਹਾਰ, ਮਿਊਰ ਵਿਹਾਰ, ਨੰਦ ਨਗਰੀ, ਦੁਆਰਕਾ, ਓਖਲਾ, ਮੰਗੋਲਪੁਰੀ, ਪੀਤਮਪੁਰਾ, ਅਲੀਪੁਰ ਅਤੇ ਮਾਡਲ ਟਾਊਨ ਸਮੇਤ ਖੇਤਰਾਂ ’ਚ ਸਥਿਤ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਕੇਂਦਰਾਂ ’ਤੇ ਸਖ਼ਤ ਸੁਰੱਖਿਆ ਹੈ ਅਤੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ ਦੀਆਂ 20 ਕੰਪਨੀਆਂ ਅਤੇ 10,000 ਤੋਂ ਵੱਧ ਪੁਲਸ ਮੁਲਾਜ਼ਮਾਂ ਨੂੰ ਕੇਂਦਰਾਂ ’ਤੇ ਤਾਇਨਾਤ ਕੀਤਾ ਗਿਆ ਹੈ। ‘ਆਪ’ ਅਤੇ ਭਾਜਪਾ ਦੋਹਾਂ ਨੇ ਭਰੋਸਾ ਜਤਾਇਆ ਹੈ ਕਿ ਉਹ ਚੋਣਾਂ ਜਿੱਤਣਗੇ, ਜਦਕਿ ਕਾਂਗਰਸ ਗੁਆਚੀ ਹੋਈ ਜ਼ਮੀਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 

ਹਾਲਾਂਕਿ ਐਗਜ਼ਿਟ ਪੋਲ ’ਚ ਆਮ ਆਦਮੀ ਪਾਰਟੀ, ਭਾਜਪਾ ’ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਵੱਖ-ਵੱਖ ਨਿਊਜ਼ ਚੈਨਲ ਦੇ ਐਗਜ਼ਿਟ ਪੋਲ ’ਚ ‘ਆਪ’ ਬਹੁਮਤ ’ਚ ਨਜ਼ਰ ਆ ਰਹੀ ਹੈ। ਹੁਣ ਚੋਣ ਨਤੀਜਿਆਂ ਤੋਂ ਬਾਅਦ ਹੀ ਇਹ ਸਾਫ਼ ਹੋਵੇਗਾ ਕਿ MCD ਚੋਣਾਂ ’ਚ ਕੌਣ ਬਾਜ਼ੀ ਮਾਰਦਾ ਹੈ। MCD ਚੋਣਾਂ ਦਾ ਮੁੱਖ ਮੁੱਦਾ ਕੂੜਾ ਲੈਂਡਫਿਲ ਸਾਈਟਾਂ ਨੂੰ ਸਾਫ਼ ਕਰਨਾ ਹੈ। ਚੋਣਾਂ ਤੋਂ ਪਹਿਲਾਂ ‘ਆਪ’ ਨੇ 10 ਗਾਰੰਟੀਆਂ ਦਿੱਤੀਆਂ, ਜਿਸ ਵਿਚ ਕੂੜਾ ਅਤੇ ਨਾਲੀਆਂ ਦੀ ਸਫ਼ਾਈ ਸ਼ਾਮਲ ਸੀ। ਇਸ ਤੋਂ ਇਲਾਵਾ ਇਕ ‘ਭ੍ਰਿਸ਼ਟਾਚਾਰ ਮੁਕਤ MCD’ ਦਾ ਵਾਅਦਾ ਕੀਤਾ ਅਤੇ ਪਾਰਕਿੰਗ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ।

Add a Comment

Your email address will not be published. Required fields are marked *