ਨਹਿਰੂ ਦੀ ਪ੍ਰਸੰਗਿਕਤਾ 2014 ਤੋਂ ਬਾਅਦ ਵਧੀ: ਕਾਂਗਰਸ

ਨਵੀਂ ਦਿੱਲੀ, 14 ਨਵੰਬਰ

ਕਾਂਗਰਸ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਤੋਂ ਬਿਨਾਂ 21ਵੀਂ ਸਦੀ ਦੇ ਭਾਰਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੇ 2014 ਤੋਂ ਬਾਅਦ ਉਨ੍ਹਾਂ ਦੀ ਪ੍ਰਸੰਗਿਕਤਾ ਹੋਰ ਵਧ ਗਈ ਹੈ।

ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਦੀ ਸਾਬਕਾ ਮੁਖੀ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ (ਜਥੇਬੰਦਕ) ਕੇਸੀ ਵੇਣੂਗੋਪਾਲ ਤੋਂ ਹੋਰ ਆਗੂਆਂ ਨੇ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਸ਼ਾਂਤੀ ਵਣ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਹਿਰੂ ਦੀਆਂ ਸਤਰਾਂ ਦੇ ਹਵਾਲੇ ਨਾਲ ਟਵੀਟ ਕੀਤਾ, ‘ਕੌਣ ਹੈ ਭਾਰਤ ਮਾਤਾ? ਇਸ ਵਿਸ਼ਾਲ ਜ਼ਮੀਨ ’ਚ ਫੈਲੇ ਭਾਰਤ ਵਾਸੀ ਸਭ ਤੋਂ ਵੱਧ ਮਾਇਨੇ ਰਖਦੇ ਹਨ। ਭਾਰਤ ਮਾਤਾ ਇਹੀ ਕਰੋੜਾਂ-ਕਰੋੜ ਲੋਕ ਹਨ। ਪੰਡਿਤ ਨਹਿਰੂ ਦੀਆਂ ਇਹੀ ਜਮਹੂਰੀ, ਪ੍ਰਗਤੀਸ਼ੀਲ ਤੇ ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਦਿਲ ’ਚ ਲੈ ਕੇ ਚੱਲ ਰਿਹਾ ਹਾਂ, ‘ਹਿੰਦ ਦੇ ਜਵਾਹਰ’ ਦੀ ਭਾਰਤ ਮਾਤਾ ਦੀ ਰਾਖੀ ਲਈ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਨਹਿਰੂ ਨੂੰ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਦੀਆਂ ਸਤਰਾਂ ਟਵੀਟ ਕਰਕੇ ਸਾਂਝੀਆਂ ਕੀਤੀਆਂ, ‘ਅਸੀਂ ਅਜਿਹੇ ਮਹਾਨ ਭਾਰਤ ਦਾ ਨਿਰਮਾਣ ਕਰਨਾ ਹੈ ਜਿੱਥੇ ਉਸ ਦੇ ਸਾਰੇ ਬੱਚੇ ਰਹਿ ਸਕਣ।’

ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਦਾਅਵਾ ਕੀਤਾ ਕਿ ਸੰਸਦ ਭਵਨ ਦੇ ਕੇਂਦਰੀ ਹਾਲ ’ਚ ਸ੍ਰੀ ਨਹਿਰੂ ਨੂੰ ਸ਼ਰਧਾਂਜਲੀ ਭੇਟ ਕਰਨ ਸਮੇਂ ਭਾਜਪਾ ਦਾ ਕੋਈ ਵੀ ਵੱਡਾ ਆਗੂ ਹਾਜ਼ਰ ਨਹੀਂ ਸੀ।

ਪਾਰਟੀ ਪ੍ਰਧਾਨ ਖੜਗੇ ਨੇ ਟਵੀਟ ਕੀਤਾ, ‘ਪੰਡਿਤ ਨਹਿਰੂ-ਆਧੁਨਿਕ ਭਾਰਤ ਦੇ ਨਿਰਮਾਤਾ। ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕੀਤੇ ਬਿਨਾਂ 21ਵੀਂ ਸਦੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਭਾਰਤ ਜੋੜੋ ਯਾਤਰਾ ਅਜੇ ਹਿੰਗੋਲੀ ਜ਼ਿਲ੍ਹੇ ’ਚ ਹੈ ਅਤੇ ਇਤਫਾਕ ਨਾਲ ਅੰਗ੍ਰੇਜ਼ੀ ਤੇ ਹਿੰਦੀ ਤੋਂ ਇਲਾਵਾ ਮਰਾਠੀ ’ਚ ਵੀ ਉਨ੍ਹਾਂ ਬਾਰੇ ਇੱਕ ਚੰਗੀ ਕਿਤਾਬ ਆਈ ਹੈ।’ ਉਨ੍ਹਾਂ ਕਿਹਾ, ‘ਇਤਿਹਾਸ ਨਾਲ ਛੇੜਛਾੜ ਕਰਨ ਵਾਲੇ ਮੌਜੂਦਾ ਸਰਕਾਰ ਨਾਲ ਜੁੜੇ ਲੋਕ ਉਨ੍ਹਾਂ ਨੂੰ ਬਦਨਾਮ ਕਰਨਾ ਜਾਰੀ ਰੱਖਣਗੇ ਪਰ ਨਹਿਰੂ ਪ੍ਰੇਰਨਾ ਦਿੰਦੇ ਰਹਿਣਗੇ। ਉਨ੍ਹਾਂ ਦੀ ਪ੍ਰਸੰਗਿਕਤਾ 2014 ਤੋਂ ਬਾਅਦ ਵਧੀ ਹੈ।’

Add a Comment

Your email address will not be published. Required fields are marked *