ਅਡਾਨੀ ਗਰੁੱਪ ਤੋਂ ਨਿਗਰਾਨੀ ਹਟਣ ’ਤੇ ਕਾਂਗਰਸ ਨੇ ਉਠਾਏ ਸਵਾਲ

ਨਵੀਂ ਦਿੱਲੀ, 17 ਮਾਰਚ-: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸਟਾਕ ਤੋਂ ਵਾਧੂ ਨਿਗਰਾਨੀ ਹਟਾ ਲਈ ਹੈ। ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਸ਼ੇਅਰ ਬਾਜ਼ਾਰ ਰੈਗੂਲੇਟਰ ‘ਸੇਬੀ’ ਕਿਉਂ ਇਸ ਉਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਨਿਵੇਸ਼ਕਾਂ ਨੂੰ ਅਜਿਹੇ ਸ਼ੇਅਰਾਂ ਦੇ ਘੇਰੇ ’ਚ ਲੋੜੋਂ ਵੱਧ ਆਉਣ ਦੀ ਇਜਾਜ਼ਤ ਕਿਉਂ ਦੇ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਰਟੀ ਦੀ ਸਵਾਲਾਂ ਦੀ ਲੜੀ ‘ਹਮ ਅਡਾਨੀ ਕੇ ਹੈਂ ਕੌਨ’ ਤਹਿਤ ਕਈ ਪ੍ਰਸ਼ਨ ਕੀਤੇ ਹਨ। ਰਮੇਸ਼ ਨੇ ਟਵੀਟ ਕੀਤਾ, ‘ਸੈਸ਼ਨ ਮੁਲਤਵੀ ਹੋਣ ਤੇ ਰੋਸ ਪ੍ਰਦਰਸ਼ਨਾਂ ਦਾ ਇਕ ਹੋਰ ਦਿਨ। ਪ੍ਰਧਾਨ ਮੰਤਰੀ ਨਾਲ ਜੁੜਿਆ ਅਡਾਨੀ ‘ਮਹਾ ਮੈਗਾ ਘੁਟਾਲੇ’ ਲਗਾਤਾਰ ਵਿਰੋਧੀ ਧਿਰ ਦੇ ਰੋਸ ਜ਼ਾਹਿਰ ਕਰਨ ਦਾ ਕਾਰਨ ਬਣਿਆ ਹੋਇਆ ਹੈ, ਤੇ ਸਰਕਾਰ ਇਸ ਨੂੰ ਰੋਕ ਰਹੀ ਹੈ। ਚੁੱਪ ਤੋੜੋ ਪ੍ਰਧਾਨ ਮੰਤਰੀ ਜੀ।’ ਰਮੇਸ਼ ਨੇ ਦਾਅਵਾ ਕੀਤਾ ਕਿ ਐਮਐੱਸਸੀਆਈ, ਐੱਸਐਂਡਪੀ ਡੋਅ ਜੋਨਸ ਤੇ ਐਫਟੀਐੱਸਈ ਰੱਸਲ ਵਰਗੇ ਆਲਮੀ ਸੂਚਕ ਅੰਕ ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਹਨ, ਪਰ ਐੱਨਐੱਸਈ ਪੁੱਠੇ ਪਾਸੇ ਚਲਾ ਗਿਆ ਹੈ। ਰਮੇਸ਼ ਨੇ ਦਾਅਵਾ ਕੀਤਾ ਕਿ ਐੱਨਐੱਸਈ ਨੇ ਐਲਾਨ ਕੀਤਾ ਹੈ ਕਿ ਅਡਾਨੀ ਐਂਟਰਪ੍ਰਾਇਜ਼ਿਜ਼, ਅਡਾਨੀ ਪਾਵਰ ਤੇ ਅਡਾਨੀ ਵਿਲਮਰ ਅੱਜ ਤੋਂ ਵਾਧੂ ਨਿਗਰਾਨੀ ਦੇ ਦਾਇਰੇ ਵਿਚੋਂ ਬਾਹਰ ਹੋ ਗਏ ਹਨ। ਇਹ ਨਿਗਰਾਨੀ ਨਿਵੇਸ਼ਕਾਂ ਨੂੰ ਵਾਧੂ ਜੋਖ਼ਮ ਚੁੱਕਣ ਤੋਂ ਬਚਾਉਣ ਲਈ ਕੀਤੀ ਜਾ ਰਹੀ ਸੀ। ਰਮੇਸ਼ ਨੇ ਸਵਾਲ ਕੀਤਾ ਕਿ ‘ਕਿਉਂ ਸੇਬੀ ਇਹ ਸਭ ਖੜ੍ਹ ਕੇ ਦੇਖ ਰਹੀ ਹੈ, ਜਦ ਐੱਨਐੱਸਈ ਨਿਵੇਸ਼ਕਾਂ ਦੇ ਹਿੱਤਾਂ ਦੀ ਬਜਾਏ ਅਡਾਨੀ ਗਰੁੱਪ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ?’ ਇਕ ਹੋਰ ਸਵਾਲ ਕਰਦਿਆਂ ਰਮੇਸ਼ ਨੇ ਕਿਹਾ ਕਿ ਅਡਾਨੀ ਗਰੁੱਪ ਉਤੇ ਲੱਗੇ ਦੋਸ਼ਾਂ ਦੇ ਬਾਵਜੂਦ ਬੈਂਕ ਆਫ ਬੜੌਦਾ ਦੇ ਸੀਈਓ ਕਿਉਂ ਕਹਿ ਰਹੇ ਹਨ ਕਿ ਉਹ ਇਸ ਕਾਰੋਬਾਰੀ ਗਰੁੱਪ ਨੂੰ ਪੈਸੇ ਉਧਾਰ ਦਿੰਦੇ ਰਹਿਣਗੇ। ਕਾਂਗਰਸ ਆਗੂ ਨੇ ਹੋਰ ਵੀ ਕਈ ਸਵਾਲ ਉਠਾਏ।

Add a Comment

Your email address will not be published. Required fields are marked *