ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਮਰਾਨ ਖਾਨ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਪਹਿਲ

ਇਸਲਾਮਾਬਾਦ – ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਪਹਿਲ ਕੀਤੀ ਹੈ। ਕਮਿਸ਼ਨ ਨੇ ਇਹ ਕਦਮ ਤੋਸ਼ਾਖਾਨਾ ਮਾਮਲੇ ਵਿੱਚ ਉਨ੍ਹਾਂ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਚੁੱਕਿਆ ਹੈ। ਡਾਨ ਅਖ਼ਬਾਰ ਨੇ ਈਸੀਪੀ ਦੇ ਇੱਕ ਉੱਚ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਮਾਮਲੇ ਦੀ ਸੁਣਵਾਈ 13 ਦਸੰਬਰ ਨੂੰ ਤੈਅ ਕੀਤੀ ਗਈ ਹੈ।

ਇਮਰਾਨ ਖਾਨ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਪ੍ਰਾਪਤ ਮਹਿੰਗੀਆਂ ਘੜੀਆਂ ਅਤੇ ਹੋਰ ਤੋਹਫ਼ੇ ਤੋਸ਼ਾਖਾਨੇ ਤੋਂ ਰਿਆਇਤੀ ਦਰਾਂ ‘ਤੇ ਖ਼ਰੀਦ ਕੇ ਮੁਨਾਫੇ ‘ਤੇ ਵੇਚੇ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਸ ਸਬੰਧ ਵਿੱਚ “ਗਲਤ ਬਿਆਨਬਾਜ਼ੀ ਅਤੇ ਝੂਠੇ ਐਲਾਨ” ਦਾ ਦੋਸ਼ ਲਗਾਉਂਦੇ ਹੋਏ ਸੰਵਿਧਾਨ ਦੀ ਧਾਰਾ 63(i)(p) ਤਹਿਤ ਇਮਰਾਨ ਖਾਨ ਨੂੰ ਅਯੋਗ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਦੇ ਦਸਤਾਵੇਜ਼ਾਂ ਅਨੁਸਾਰ 1974 ਵਿੱਚ ਸਥਾਪਿਤ ਤੋਸ਼ਾਖਾਨੇ ਤੋਂ 2.15 ਕਰੋੜ ਰੁਪਏ ਦਾ ਸਾਮਾਨ ਖ਼ਰੀਦਿਆ ਗਿਆ ਸੀ, ਜਦੋਂ ਕਿ ਇਨ੍ਹਾਂ ਦੀ ਅਸਲ ਕੀਮਤ 10.8 ਕਰੋੜ ਰੁਪਏ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਪਾਕਿਸਤਾਨੀ ਕਾਨੂੰਨ ਦੇ ਤਹਿਤ ਵਿਦੇਸ਼ਾਂ ਤੋਂ ਸਰਕਾਰੀ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਮਿਲੇ ਤੋਹਫ਼ਿਆਂ ਨੂੰ ਆਪਣੇ ਕੋਲ ਰੱਖਣ ਤੋਂ ਪਹਿਲਾਂ ਮੁਲਾਂਕਣ ਲਈ ਤੋਸ਼ਾਖਾਨੇ ਜਾਂ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਹੈ।

Add a Comment

Your email address will not be published. Required fields are marked *