ਸੂਬੇ ਦੇ ਸਰਕਾਰੀ ਸਕੂਲਾਂ ਦੀ ਬਦਲੀ ਜਾਵੇਗੀ ਨੁਹਾਰ, ਸਰਕਾਰ ਨੇ ਜਾਰੀ ਕੀਤੀ ਗਰਾਂਟ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਅਕ ਪ੍ਰਣਾਲੀ ਨੂੰ ਹੋਰ ਚੁਸਤ ਤੇ ਸਮੇਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰਾਜ ਦੇ 5500 ਐਲੀਮੈਂਟਰੀ ਸਕੂਲਾਂ ਅਤੇ 2200 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬਾਲਾ ਵਰਕ ਲਈ ਤਿੰਨ ਕਰੋੜ ਪਚਾਸੀ ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਸਕੂਲਾਂ ਵਿਚ ਬਾਲਾ ਵਰਕ ਕਰਵਾਇਆ ਜਾਣਾ ਹੈ ਅਤੇ ਬਾਲਾ ਵਰਕ ਪਾਠ ਪੁਸਤਕ ਉਤੇ ਅਧਾਰਿਤ ਹੋਵੇਗਾ, ਪ੍ਰਾਇਮਰੀ ਪੱਧਰ ‘ਤੇ ਕਰਵਾਏ ਜਾਣ ਵਾਲੇ ਬਾਲਾ ਵਰਕ ਲਈ ਮਹੀਨੀਆਂ ਦੇ ਨਾਂ, ਅੰਕਾਂ ਅਤੇ ਸ਼ਬਦਾਂ ਵਿੱਚ ਗਿਣਤੀ, ਗਣਿਤ ਦੇ ਫਾਰਮੂਲੇ, ਸ਼ਬਦ ਭੰਡਾਰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਬਣਾਏ ਜਾ ਸਕਦੇ ਹਨ। ਹਾਈ ਅਤੇ ਸੈਕੰਡਰੀ ਪੱਧਰ ਤੇ ਕਰਵਾਏ ਜਾਣ ਵਾਲੇ ਬਾਲਾ ਵਰਕ ਲਈ ਸਕੂਲ ਪੱਧਰ ਤੇ ਵਿਸ਼ਾਵਾਰ ਅਧਿਆਪਕਾਂ ਦੀ ਕਮੇਟੀ ਬਣਾ ਕੇ ਸਮੱਗਰੀ ਦੀ ਚੌਣ ਕੀਤੀ ਜਾਵੇਗੀ। ਸਾਰੀ ਸਮੱਗਰੀ ਦੀ ਲੇਬਲਿੰਗ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਲਾ ਵਰਕ ਲਈ ਸਕੂਲ ਦੇ ਬਰਾਂਡੇ ਅਤੇ ਪਿੱਲਰਾਂ ਦੀ ਵਰਤੋਂ ਮੁੱਖ ਤੌਰ ‘ਤੇ ਕੀਤੀ ਜਾਵੇ ਤਾਂ ਜੋ ਸਕੂਲ ਸਮੇਂ ਦੌਰਾਨ ਅਤੇ ਸਕੂਲ ਸਮੇਂ ਤੋਂ ਬਾਅਦ ਵੀ ਸਿੱਖਣ ਸਿਖਾਉਣ ਪ੍ਰਕਿਰਿਆ ਸੁਭਾਵਿਕ ਤੌਰ ‘ਤੇ ਜਾਰੀ ਰਹੇ ਅਤੇ ਨਾਲ ਦੇ ਨਾਲ ਹੀ ਸਕੂਲ ਦੀ ਦਿੱਖ ਵੀ ਸੁੰਦਰ ਨਜ਼ਰ ਆਏ।

Add a Comment

Your email address will not be published. Required fields are marked *