ਬਿਸ਼ਨੋਈ ਗਰੁੱਪ ਨਾਲ ਸਬੰਧਤ ਚਾਰ ਗੈਂਗਸਟਰ ਗ੍ਰਿਫ਼ਤਾਰ
ਰੂਪਨਗਰ, 28 ਨਵੰਬਰ– ਰੂਪਨਗਰ ਪੁਲੀਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 4 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਜਦਕਿ ਇਨ੍ਹਾਂ ਦਾ ਇੱਕ ਸਾਥੀ ਫਰਾਰ ਹੋਣ ਵਿੱਚ ਸਫਲ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਟੀਮਾਂ ਬਣਾ ਕੇ ਮੁਹਿੰਮ ਆਰੰਭੀ ਗਈ ਹੈ ਅਤੇ ਇਸੇ ਮੁਹਿੰਮ ਅਧੀਨ 26 ਨਵੰਬਰ ਨੂੰ ਮਨਿੰਦਰਵੀਰ ਸਿੰਘ ਕਪਤਾਨ ਪੁਲੀਸ (ਡਿਟੈਕਟਿਵ) ਅਤੇ ਉਪ ਕਪਤਾਨ ਪੁਲੀਸ (ਡਿਟੈਕਟਿਵ) ਰੂਪਨਗਰ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਅਧੀਨ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀਆਈਏ ਰੂਪਨਗਰ ਦੀ ਟੀਮ ਵੱਲੋਂ ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ, ਸਤਵੀਰ ਸਿੰਘ ਉਰਫ ਸ਼ੰਮੀ ਅਤੇ ਬੇਅੰਤ ਸਿੰਘ ਨੂੰ 3 ਪਿਸਤੌਲਾਂ, 22 ਕਾਰਤੂਸ, ਇੱਕ ਕਿਰਪਾਨ ਅਤੇ 12 ਲੋਹੇ ਦੀਆਂ ਰਾਡਾਂ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗੈਂਗ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰ ਰਿਹਾ ਸੀ, ਪਰ ਇਸ ਸਬੰਧੀ ਅਗਾਊਂ ਸੂਚਨਾ ਮਿਲਦੇ ਹੀ ਰੂਪਨਗਰ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ ਅਤੇ ਸਤਵੀਰ ਸਿੰਘ ਉਰਫ ਸ਼ੰਮੀ ਖ਼ਿਲਾਫ਼ ਪਹਿਲਾਂ ਵੀ ਥਾਣਾ ਕੂੰਮ ਕਲਾਂ ਜ਼ਿਲ੍ਹਾ ਲੁਧਿਆਣਾ ’ਚ ਕੇਸ ਦਰਜ ਹਨ। ਇਹ ਮੁਲਜ਼ਮ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਪ੍ਰਾਪਤ ਕਰਨ ਮਗਰੋਂ ਸਖਤੀ ਨਾਲ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

