ਔਰਤ ਨੇ ਦੁਕਾਨਦਾਰ ‘ਤੇ ਸੁੱਟਿਆ ਤੇਜ਼ਾਬ, ਪੀੜਤ ਪਰਿਵਾਰ ਨੇ ਕੀਤੀ ਇਹ ਮੰਗ

ਸਾਹਨੇਵਾਲ/ਲੁਧਿਆਣਾ : ਬਾਅਦ ਦੁਪਹਿਰ ਇਕ ਔਰਤ ਨੇ ਚੰਡੀਗੜ੍ਹ ਰੋਡ ’ਤੇ ਜਮਾਲਪੁਰ ਅਵਾਣਾ ਵਿਖੇ ਸਥਿਤ ਟੀ. ਵੀ. ਰਿਪੇਅਰ ਦੀ ਇਕ ਦੁਕਾਨ ’ਚ ਦਾਖਲ ਹੋ ਕੇ ਦੁਕਾਨਦਾਰ ‘ਤੇ ਕਥਿਤ ਤੌਰ ’ਤੇ ਕਾਲਾ ਤੇਜ਼ਾਬ ਸੁੱਟ ਦਿੱਤਾ ਅਤੇ ਫਰਾਰ ਹੋ ਗਈ। ਜਾਣਕਾਰੀ ਅਨੁਸਾਰ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਚੰਡੀਗੜ੍ਹ ਰੋਡ ‘ਤੇ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਾਹਮਣੇ ਟੀ. ਵੀ. ਰਿਪੇਅਰ ਦੀ ਦੁਕਾਨ ਕਰਦਾ ਹੈ। ਸ਼ਾਮ ਕਰੀਬ 3 ਵਜੇ ਜਦੋਂ ਜਸਵੀਰ ਆਪਣਾ ਕੰਮ ਕਰ ਰਿਹਾ ਸੀ ਤਾਂ ਇਕ ਔਰਤ ਜਿਸ ਨੇ ਆਪਣਾ ਮੂੰਹ ਢਕਿਆ ਹੋਇਆ ਸੀ, ਆਈ

ਉਸ ਕੋਲ ਇਕ ਝੋਲਾ ਵੀ ਸੀ, ਜਿਸ ਵਿਚ ਉਸ ਨੇ 2 ਬੋਤਲਾਂ ਤੇਜ਼ਾਬ ਅਤੇ ਇਕ ਗੜਬੀ ਤੇਜ਼ਾਬ ਦੀ ਭਰੀ ਹੋਈ ਸੀ। ਔਰਤ ਨੇ ਤੇਜ਼ਾਬ ਦੀ ਭਰੀ ਗੜਬੀ ਜਸਵੀਰ ਉਪਰ ਸੁੱਟ ਦਿੱਤੀ ਅਤੇ ਫਿਰ ਬਾਹਰ ਭੱਜ ਆਈ ਤੇ ਇਕ ਆਟੋ ’ਚ ਸਵਾਰ ਹੋ ਕੇ ਕੁਹਾੜਾ ਵਾਲੀ ਸਾਈਡ ਨੂੰ ਚਲੀ ਗਈ। ਦੁਕਾਨਦਾਰ ਜਸਵੀਰ ਸਿੰਘ ਨੇ ਹਿੰਮਤ ਦਿਖਾਉਂਦਿਆਂ ਦੁਕਾਨ ਦੇ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਕੁਝ ਦੁਕਾਨਦਾਰ ਔਰਤ ਦੇ ਪਿੱਛੇ ਭੱਜੇ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਜਸਵੀਰ ਨੂੰ ਆਪਣੀ ਗੱਡੀ ’ਚ ਪਾ ਕੇ ਹਸਪਤਾਲ ਪਹੁੰਚਾਇਆ।

ਆਟੋ ’ਚ ਫਰਾਰ ਹੋਈ ਔਰਤ ਨੂੰ ਮੈਟਰੋ ਰੋਡ ਦੀਆਂ ਲਾਈਟਾਂ ਤੋਂ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਤੁਰੰਤ ਥਾਣਾ ਜਮਾਲਪੁਰ ਦੀ ਪੁਲਸ ਨੂੰ ਸੂਚਿਤ ਕਰਦਿਆਂ ਉਕਤ ਔਰਤ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਤੇਜ਼ਾਬੀ ਹਮਲੇ ਕਾਰਨ ਜਸਵੀਰ ਸਿੰਘ ਦਾ ਚਿਹਰਾ, ਹੱਥ ਅਤੇ ਪਿੱਠ ਬੁਰੀ ਤਰ੍ਹਾਂ ਝੁਲਸ ਗਏ। ਜਸਵੀਰ ਸਿੰਘ ਵੱਲੋਂ ਪਾਈ ਗਈ ਟੀ-ਸ਼ਰਟ ਵੀ ਸੜ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਰੰਜ਼ਿਸ਼ ਨਹੀਂ ਹੈ। ਤੇਜ਼ਾਬ ਸੁੱਟਣ ਵਾਲੀ ਔਰਤ 33 ਫੁੱਟੀ ਰੋਡ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜੋ ਪ੍ਰਵਾਸੀ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

Add a Comment

Your email address will not be published. Required fields are marked *