ਦੋਸਤਾਂ ਦੇ ਹਥਿਆਰ ਲੈ ਕੇ ਸਨੈਪਚੈਟ ’ਤੇ ਵੀਡੀਓ ਅਪਲੋਡ ਕਰਨ ਵਾਲਾ ਪ੍ਰਾਪਰਟੀ ਡੀਲਰ ਗ੍ਰਿਫ਼ਤਾਰ

ਜਲੰਧਰ : ਦਸਮੇਸ਼ ਨਗਰ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਰਜਤ ਨੇ ਆਪਣੇ ਦੋਸਤਾਂ ਦੇ ਹਥਿਆਰ ਫੜ ਕੇ ਸਨੈਪਚੈਪ ’ਤੇ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀ। ਜਿਵੇਂ ਹੀ ਇਹ ਵੀਡੀਓ ਪੁਲਸ ਤੱਕ ਪਹੁੰਚੀ ਤਾਂ ਥਾਣਾ ਨੰਬਰ 7 ਦੀ ਪੁਲਸ ਨੇ ਰਜਤ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਜ਼ਮਾਨਤੀ ਧਾਰਾਵਾਂ ਹੋਣ ਕਾਰਨ ਉਸ ਨੂੰ ਜ਼ਮਾਨਤ ਦੇ ਕੇ ਰਿਹਾਅ ਕਰ ਦਿੱਤਾ ਪਰ ਪੁਲਸ ਉਸ ਨੂੰ ਇਨਵੈਸਟੀਗੇਸ਼ਨ ਵਿਚ ਸ਼ਾਮਲ ਕਰੇਗੀ।

ਥਾਣਾ ਨੰਬਰ 7 ਦੇ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪ੍ਰਾਪਰਟੀ ਡੀਲਰ ਰਜਤ ਕੁਮਾਰ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਸ ਨੇ ਆਪਣੇ ਦੋਵਾਂ ਹੱਥਾਂ ‘ਚ ਪਿਸਤੌਲ ਫੜੇ ਸਨ। ਉਸ ਤੋਂ ਬਾਅਦ 1-1 ਕਰਕੇ ਦੋਵਾਂ ਹਥਿਆਰਾਂ ਨਾਲ ਅਲੱਗ-ਅਲੱਗ ਉਸ ਦੀ ਫੋਟੋ ਮਿਲੀ। ਜਿਵੇਂ ਹੀ ਪੁਲਸ ਅਧਿਕਾਰੀਆਂ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਰਜਤ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਕਿਹਾ ਕਿ ਇਹ ਹਥਿਆਰ ਉਸ ਦੇ ਦੋਸਤ ਦੇ ਹਨ, ਜੋ ਲਾਇਸੈਂਸੀ ਹਨ। ਉਨ੍ਹਾਂ ਕਿਹਾ ਕਿ ਰਜਤ ਤੋਂ ਉਸ ਦੇ ਦੋਸਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਉਸ ਦੇ ਦੋਸਤਾਂ ਦੇ ਹਥਿਆਰ ਵੀ ਜਮ੍ਹਾ ਕਰਵਾ ਕੇ ਲਾਇਸੈਂਸ ਰੱਦ ਕਰਨ ਲਈ ਸਿਫਾਰਸ਼ ਕੀਤੀ ਜਾਵੇਗੀ।

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ‘ਚ ਗੰਨ ਕਲਚਰ ਨੂੰ ਖਤਮ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਲੰਧਰ ਦੀ ਗੱਲ ਕਰੀਏ ਤਾਂ ਹਾਲ ਹੀ ‘ਚ 400 ਤੋਂ ਵੱਧ ਅਸਲਾ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ ਤੇ ਲਾਇਸੈਂਸਧਾਰਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

Add a Comment

Your email address will not be published. Required fields are marked *