ਮੱਧ ਪ੍ਰਦੇਸ਼ ਤੋਂ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼
![](http://mehakewattan.com/wp-content/uploads/2023/08/2023_8image_01_22_085459843untitlessafssassasssasa-ll.jpg)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਸ ਨੇ ਮੱਧ ਪ੍ਰਦੇਸ਼ (ਐੱਮ. ਪੀ.) ਦੇ ਦੋ ਅਸਲਾ ਸਪਲਾਇਰਜ਼, ਜੋ ਵੱਡੇ ਪੱਧਰ ’ਤੇ ਹਥਿਆਰ ਨਿਰਮਾਣ ਅਤੇ ਐੱਮ. ਪੀ. ਤੋਂ ਪੰਜਾਬ ਸਮੇਤ ਹੋਰਾਂ ਸੂਬਿਆਂ ਵਿਚ ਹਥਿਆਰ ਸਪਲਾਈ ਕਰਦੇ ਸਨ, ਨੂੰ ਗ੍ਰਿਫ਼ਤਾਰ ਕਰਕੇ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਨੂੰ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਮੱਧ ਪ੍ਰਦੇਸ਼ ਤੋਂ ਕਾਬੂ ਕੀਤਾ ਹੈ।
ਡੀ. ਜੀ. ਪੀ. ਪੰਜਾਬ, ਗੌਰਵ ਯਾਦਵ ਨੇ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਮੱਧ ਪ੍ਰਦੇਸ਼ ਵਿਚ ਜ਼ਿਲ੍ਹਾ ਖਰਗੋਨ ਦੇ ਪਿੰਡ ਸਿਗਨੂਰ ਦੇ ਵਾਸੀ ਹਰਪਾਲ ਸਿੰਘ ਅਤੇ ਜ਼ਿਲ੍ਹਾ ਭਰਵਾਨੀ ਦੇ ਪਿੰਡ ਬਲਵਾੜੀ ਦੇ ਕਿਸ਼ੋਰ ਸਿੰਘ ਰਾਠੌਰ ਵਜੋਂ ਕੀਤੀ ਹੈ। ਪੁਲਸ ਟੀਮਾਂ ਨੇ ਇਨ੍ਹਾਂ ਕੋਲੋਂ .32 ਬੋਰ ਦੇ 17 ਪਿਸਤੌਲ ਅਤੇ 35 ਮੈਗਜ਼ੀਨ ਵੀ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਜੱਗੂ ਭਗਵਾਨਪੁਰੀਆ ਅਤੇ ਰਵੀ ਬਲਾਚੌਰੀਆ ਨਾਲ ਜੁੜੇ ਅਪਰਾਧਿਕ ਗਿਰੋਹ ਨੂੰ ਸਪਲਾਈ ਕੀਤੇ ਜਾਣੇ ਸਨ।
ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਜਲੰਧਰ ਦੇ ਮਕਸੂਦਾਂ-ਬਿਧੀਪੁਰ ਰੋਡ ਤੋਂ ਲਵਦੀਪ ਉਰਫ ਲਵ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 1 ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਜਾਣ ਉਪਰੰਤ ਅਮਲ ਵਿਚ ਲਿਆਂਦੀ ਗਈ ਹੈ। ਇਸ ਸਬੰਧੀ ਉਕਤ ਦੋਸ਼ੀ ਖ਼ਿਲਾਫ਼ ਐੱਫ. ਆਈ. ਆਰ. ਨੰਬਰ 22 ਮਿਤੀ 31.07.2023 ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਐੱਸ.ਐੱਸ.ਓ.ਸੀ. ਅੰਮ੍ਰਿਤਸਰ ਵਿਖੇ ਕੇਸ ਪਹਿਲਾਂ ਹੀ ਦਰਜ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਡੀ.ਜੀ.ਪੀ. ਨੇ ਕਿਹਾ ਕਿ ਅਗਲੀਆਂ-ਪਿਛਲੀਆਂ ਕੜੀਆਂ ਦੀ ਬਾਰੀਕਬੀਨੀ ਨਾਲ ਜਾਂਚ ਕਰਕੇ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਹਥਿਆਰ ਇਕ ਖੇਪ ਦਾ ਹਿੱਸਾ ਸਨ, ਜੋ ਅੰਤਰਰਾਜੀ ਹਥਿਆਰ ਨਿਰਮਾਤਾਵਾਂ ਅਤੇ ਸਪਲਾਇਰਾਂ ਵੱਲੋਂ ਸਪਲਾਈ ਕੀਤਾ ਗਿਆ ਸੀ। ਇਨ੍ਹਾਂ ਸਪਲਾਇਰਾਂ ਦਾ ਐੱਮ. ਪੀ. ਦੇ ਜ਼ਿਲ੍ਹਾ ਖਰਗੋਨ ਤੇ ਭਰਵਾਨੀ ਨਾਲ ਸਬੰਧਤ ਹੋਣ ਦਾ ਖ਼ਦਸ਼ਾ ਸੀ। ਇਸ ਪੁਖ਼ਤਾ ਜਾਣਕਾਰੀ ਤੋਂ ਬਾਅਦ ਸੀ.ਆਈ. ਜਲੰਧਰ ਦੀ ਟੀਮ ਮੰਗਲਵਾਰ ਨੂੰ ਐੱਮ.ਪੀ. ਪਹੁੰਚੀ ਅਤੇ ਦੋਵਾਂ ਹਥਿਆਰ ਸਪਲਾਇਰਜ਼ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਰਹੀ। ਕਾਊਂਟਰ ਇੰਟੈਲੀਜੈਂਸ ਜਲੰਧਰ ਦੇ ਏ. ਆਈ. ਜੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਹੋਰ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਹੋਣ ਦੀ ਪੂਰਨ ਸੰਭਾਵਨਾ ਹੈ।