ਪੰਜਾਬ ‘ਚ ਗੰਨ ਕਲਚਰ ਦੇ ਖ਼ਾਤਮੇ ਲਈ ‘ਆਪ’ ਵਿਧਾਇਕ ਨੇ ਚੁੱਕਿਆ ਅਹਿਮ ਕਦਮ

ਲੁਧਿਆਣਾ : ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ ਪੰਜਾਬ ‘ਚ ਗੰਨ ਕਲਚਰ ਖ਼ਤਮ ਕਰਨ ਲਈ 3 ਮਹੀਨਿਆਂ ਲਈ ਨਵੇਂ ਲਾਇਸੈਂਸ ਬਣਾਉਣ ’ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੁਰਾਣੇ ਬਣੇ ਗੰਨ ਲਾਇਸੈਂਸਾਂ ਦੀ ਚੈਕਿੰਗ ਦੇ ਹੁਕਮ ਵੀ ਦਿੱਤੇ ਗਏ ਹਨ। ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ‘ਆਪ’ ਵਿਧਾਇਕ ਨੇ ਕੀਤੀ ਹੈ। ਹਲਕਾ ਪੱਛਮੀ ਤੋਂ ਗੁਰਪ੍ਰੀਤ ਸਿੰਘ ਗੋਗੀ ਨੇ ਆਪਣੇ ਘਰ ਦੇ ਬਾਹਰ ਪੋਸਟਰ ਲਗਾ ਦਿੱਤੇ ਹਨ ਕਿ ਹਥਿਆਰਾਂ ਸਮੇਤ ਅੰਦਰ ਆਉਣਾ ਮਨ੍ਹਾ ਹੈ।

ਇਸੇ ਤਰ੍ਹਾਂ ਵਿਧਾਇਕ ਨੇ ਆਪਣੇ ਦਫ਼ਤਰ ਦੇ ਬਾਹਰ ਵੀ ਪੋਸਟਰ ਲਗਾ ਦਿੱਤੇ ਹਨ ਤਾਂ ਜੋ ਕੋਈ ਵਿਅਕਤੀ ਹਥਿਆਰਾਂ ਦਾ ਪ੍ਰਚਾਰ ਨਾ ਕਰ ਸਕੇ। ਹਾਲਾਂਕਿ ਸੂਤਰ ਦੱਸਦੇ ਹਨ ਕਿ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਧਮਕੀ ਮਿਲੀ ਹੈ, ਜਿਸ ਕਾਰਨ ਇਹ ਸਭ ਕੀਤਾ ਜਾ ਰਿਹਾ ਹੈ ਪਰ ਵਿਧਾਇਕ ਗੋਗੀ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਹੈ। ਵਿਧਾਇਕ ਗੋਗੀ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਹਥਿਆਰਾਂ ਦਾ ਕਲਚਰ ਚਲਾਇਆ ਗਿਆ ਸੀ ਪਰ ਸਾਡੀ ਸਰਕਾਰ ਹੁਣ ਇਸ ‘ਤੇ ਠੱਲ੍ਹ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਗੈਰ-ਕਾਨੂੰਨੀ ਹਥਿਆਰਾਂ ਨਾਲ ਹੀ ਨਹੀਂ, ਸਗੋਂ ਲਾਇਸੈਂਸ ਹਥਿਆਰਾਂ ਨਾਲ ਵੀ ਜ਼ੁਰਮ ਹੋ ਰਹੇ ਹਨ ਅਤੇ ਇਸ ‘ਤੇ ਲਗਾਮ ਲਗਾਉਣਾ ਜ਼ਰੂਰੀ ਹੈ ਤਾਂ ਜੋ ਸਮਾਜ ਦਾ ਭਲਾ ਹੋ ਸਕੇ।

Add a Comment

Your email address will not be published. Required fields are marked *