ਬੀਪੀ ਦੀ ਸ਼ਿਕਾਇਤ ਮਗਰੋਂ ਸਿੱਧੂ ਨੂੰ ਹਸਪਤਾਲ ਲਿਆਂਦਾ

ਪਟਿਆਲਾ, 20 ਅਕਤੂਬਰ– ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਲਿਜਾਣਾ ਪਿਆ। ਉਨ੍ਹਾਂ ਨੂੰ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਤਕਲੀਫ਼ ਹੋਣ ਕਾਰਨ ਪਹਿਲਾਂ ਜੇਲ੍ਹ ਵਿਚਲੇ ਹਸਪਤਾਲ ਦੇ ਹੀ ਡਾਕਟਰ ਕੋਲ ਲਿਆਂਦਾ ਗਿਆ ਪਰ ਮਗਰੋਂ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ।

ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੇ ਚੈੱਕਅੱਪ ਤੋਂ ਬਾਅਦ ਦਵਾਈ ਦੇਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਤੋਂ ਰਿਲੀਵ ਕਰ ਦਿੱਤਾ। ਇਸ ਮਗਰੋਂ ਸੁਰੱਖਿਆ ਕਰਮੀ ਉਨ੍ਹਾਂ ਨੂੰ ਮੁੜ ਕੇਂਦਰੀ ਜੇਲ੍ਹ ਵਿੱਚ ਛੱਡ ਆਏ। ਸੂਤਰਾਂ ਅਨੁਸਾਰ ਸ੍ਰੀ ਸਿੱਧੂ ਦਾ ਬੀਪੀ ਘੱਟ ਜਾਣ ਕਾਰਨ ਉਹ ਚੱਕਰ ਖਾ ਕੇ ਡਿੱਗ ਪਏ ਸਨ ਜਿਸ ਕਾਰਨ ਇੱਕ ਵਾਰ ਤਾਂ ਸਮੁੱਚੇ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸੇ ਦੌਰਾਨ ਸ੍ਰੀ ਸਿੱਧੂ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਜਦੋਂ ਸਿੱਧੂ ਨੂੰ ਰਾਜਿੰੰਦਰਾ ਹਸਪਤਾਲ ਲਿਆਂਦਾ ਗਿਆ ਤਾਂ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਨਹੀਂ ਸਨ, ਜਿਸ ਕਾਰਨ ਸ੍ਰੀ ਸਿੱਧੂ ਨੇ ਹਸਪਤਾਲ ਤੋਂ ਜੇਲ੍ਹ ਪਰਤਣ ਉਪਰੰਤ ਜੇਲ੍ਹ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਸ ਨੂੰ ਜੇਲ੍ਹ ਤੋਂ ਬਾਹਰ ਜਾਣ ਮੌਕੇ ਉਸ ਲਈ ਜ਼ੈੱਡ ਪਲੱਸ ਸੁਰੱਖਿਆ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਹੀ ਸ੍ਰੀ ਸਿੱਧੂ ਦਾ ਇਹ ਕਹਿਣਾ ਸੀ ਕਿ ਇਹ ਮਾਮਲਾ ਉਹ ਦੋ ਮਹੀਨੇ ਪਹਿਲਾਂ ਵੀ ਉਠਾ ਚੁੱਕੇ ਹਨ। ਜੇਲ੍ਹ ਦੇ ਇੱਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਵੀ ਅਜਿਹੀ ਚਿੱਠੀ ਲਿਖੀ ਸੀ ਅਤੇ ਅੱਜ ਵੀ ਉਸ ਨੇ ਇਹ ਮਾਮਲਾ ਜ਼ੋਰ ਸ਼ੋਰ ਨਾਲ ਉਠਾਇਆ ਹੈ।

ਨਵਜੋਤ ਸਿੱਧੂ ਦੀ ਲੁਧਿਆਣਾ ਅਦਾਲਤ ਵਿੱਚ ਪੇਸ਼ੀ ਅੱਜ

ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ 21 ਅਕਤੂਬਰ ਨੂੰ ਪੇਸ਼ੀ ਹੋਵੇਗੀ। ਜ਼ਿਕਰਯੋਗ ਹੈ ਕਿ ਲੁਧਿਆਣਾ ਅਦਾਲਤ ’ਚ ਚੱਲ ਰਹੇ ਬਰਖ਼ਾਸਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਕੇਸ ’ਚ ਨਵਜੋਤ ਸਿੰਘ ਸਿੱਧੂ ਨੂੰ ਪੇਸ਼ੀ ਲਈ ਸੰਮਨ ਕੀਤਾ ਗਿਆ ਹੈ। ਇਸ ਕੇਸ ਵਿੱਚ ਨਵਜੋਤ ਸਿੰਘ ਸਿੱਧੂ ਦੀ ਗਵਾਹੀ ਹੋਣੀ ਹੈ।

Add a Comment

Your email address will not be published. Required fields are marked *