ਸੁਖਬੀਰ ਬਾਦਲ ਨੇ ਮਹਾਰਾਸ਼ਟਰ ’ਚ ਸਿੱਖ ਨੌਜਵਾਨ ਦੇ ਕਤਲ ’ਤੇ ਪ੍ਰਗਟਾਇਆ ਰੋਸ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮਹਾਰਾਸ਼ਟਰ ’ਚ ਤਿੰਨ ਸਿੱਖ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਦੌਰਾਨ ਇਕ ਸਿੱਖ ਨੌਜਵਾਨ ਦਾ ਕਤਲ ਕੀਤੇ ਜਾਣ ’ਤੇ ਹੈਰਾਨੀ ਤੇ ਰੋਸ ਪ੍ਰਗਟ ਕੀਤਾ। ਬਾਦਲ ਨੇ ਪਾਰਟੀ ਦੀ ਮਹਾਰਾਸ਼ਟਰ ਇਕਾਈ ਨੂੰ ਹਦਾਇਤ ਕੀਤੀ ਹੈ ਕਿ ਉਹ ਪੀੜਤ ਸਿੱਖ ਪਰਿਵਾਰਾਂ ਨੂੰ ਲੋੜੀਂਦੀ ਹਰ ਸਹਾਇਤਾ ਪ੍ਰਦਾਨ ਕਰੇ ਅਤੇ ਉਨ੍ਹਾਂ ਦੀ ਡਟਵੀਂ ਹਮਾਇਤ ਕਰਦਿਆਂ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟ ਕਰੇ।

ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਦੇ ਬਿਆਨ ਵਿਚ ਬਾਦਲ ਨੇ ਕਿਹਾ ਕਿ ਸਾਰੀ ਸਿੱਖ ਕੌਮ ਤੇ ਦੇਸ਼ ਦੇ ਸਹੀ ਸੋਚ ਰੱਖਣ ਵਾਲੇ ਵਿਅਕਤੀ ਮਹਾਰਾਸ਼ਟਰ ’ਚ 3 ਸਿੱਖ ਨੌਜਵਾਨਾਂ ਦੀ ਅਣਮਨੁੱਖੀ ਤਰੀਕੇ ਨਾਲ ਕੁੱਟਮਾਰ ਦੌਰਾਨ ਇਕ ਨੌਜਵਾਨ ਦੀ ਬੇਰਹਿਮੀ ਨਾਲ ਜਾਨੋਂ ਮਾਰਨ ਦੀ ਘਟਨਾ ’ਤੇ ਹੈਰਾਨ ਹਨ। ਇਹ ਬਹੁਤ ਹੀ ਘਿਨੌਣੀ ਤੇ ਕਦੇ ਵੀ ਮੁਆਫ਼ ਨਾ ਕੀਤੀ ਜਾਣ ਵਾਲੀ ਘਟਨਾ ਹੈ, ਜੋ ਪਹਿਲਾਂ ਹੀ ਪੀੜਤ ਸਿੱਖ ਕੌਮ ਨਾਲ ਕੀਤੀ ਗਈ ਹੈ।

ਅਕਾਲੀ ਆਗੂ ਨੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਜਿਹੜੇ ਅਪਰਾਧੀ ਸਭ ਤੋਂ ਵੱਧ ਦੇਸ਼ਭਗਤ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੂੰ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਮਹਾਰਾਸ਼ਟਰ ਪੁਲਸ ਤੋਂ ਆਸ ਕਰ ਰਹੀ ਹੈ ਕਿ ਉਹ ਦੋਸ਼ੀਆਂ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰੇਗੀ ਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੁਆਏਗੀ।

Add a Comment

Your email address will not be published. Required fields are marked *