ਮਹਾਤਮਾ ਗਾਂਧੀ ਦਾ ਪੜਪੋਤਰਾ ਰਾਹੁਲ ਨਾਲ ਯਾਤਰਾ ’ਚ ਹੋਇਆ ਸ਼ਾਮਲ

ਸ਼ੇਗਾਓਂ, 18 ਨਵੰਬਰ– ਮਹਾਤਮਾ ਗਾਂਧੀ ਦੇ ਪੜਪੋਤਰੇ ਤੁਸ਼ਾਰ ਗਾਂਧੀ ਨੇ ਅੱਜ ਭਾਰਤ ਜੋੜੋ ਯਾਤਰਾ ਦੇ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਸ਼ੇਗਾਓਂ ’ਚ ਪਹੁੰਚਣ ’ਤੇ ਰਾਹੁਲ ਗਾਂਧੀ ਨਾਲ ਪੈਦਲ ਮਾਰਚ ਕੀਤਾ। ਕਾਂਗਰਸ ਨੇ ਇਸ ਮੌਕੇ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਯਾਤਰਾ ਅੱਜ ਸਵੇਰੇ ਅਕੋਲਾ ਜ਼ਿਲ੍ਹੇ ਦੇ ਬਾਲਾਪੁਰ ਤੋਂ ਸ਼ੁਰੂ ਹੋਈ ਅਤੇ ਕੁਝ ਘੰਟਿਆਂ ਬਾਅਦ ਸ਼ੇਗਾਓਂ ਪਹੁੰਚੀ ਜਿਥੇ ਲੇਖਕ ਅਤੇ ਕਾਰਕੁਨ ਤੁਸ਼ਾਰ ਗਾਂਧੀ ਵੀ ਉਸ ’ਚ ਸ਼ਾਮਲ ਹੋਏ। ਤੁਸ਼ਾਰ ਗਾਂਧੀ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ ਸੀ ਕਿ ਸ਼ੇਗਾਓਂ ਉਨ੍ਹਾਂ ਦਾ ਜਨਮ ਅਸਥਾਨ ਹੈ। ਉਨ੍ਹਾਂ ਪੋਸਟ ਪਾ ਕੇ ਕਿਹਾ ਸੀ,‘‘ਮੈਂ 18 ਨੂੰ ਸ਼ੇਗਾਓਂ ’ਚ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਵਾਂਗਾ। ਮੇਰੀ ਮਾਂ ਜਿਹੜੀ ਰੇਲ ਗੱਡੀ ਡਾਊਨ ਹਾਵੜਾ ਮੇਲ ਵਾਇਆ ਨਾਗਪੁਰ ’ਚ ਸਫ਼ਰ ਕਰ ਰਹੀ ਸੀ, ਉਹ ਸ਼ੇਗਾਓਂ ਸਟੇਸ਼ਨ ’ਤੇ 17 ਜਨਵਰੀ, 1960 ਨੂੰ ਰੁਕੀ ਸੀ ਜਦੋਂ ਮੇਰਾ ਜਨਮ ਹੋਇਆ ਸੀ।’’ ਕਾਂਗਰਸ ਨੇ ਤੁਸ਼ਾਰ ਗਾਂਧੀ ਦੀ ਯਾਤਰਾ ’ਚ ਸ਼ਮੂਲੀਅਤ ਨੂੰ ਇਤਿਹਾਸਕ ਪਲ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਤੁਸ਼ਾਰ ਗਾਂਧੀ, ਜੋ ਕ੍ਰਮਵਾਰ ਜਵਾਹਰਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦੇ ਪੜਪੋਤਰੇ ਹਨ, ਦੋਵੇਂ ਮਰਹੂਮ ਆਗੂਆਂ ਦੀ ਵਿਰਾਸਤ ਦੇ ਝੰਡਾਬਰਦਾਰ ਹਨ। ਪਾਰਟੀ ਨੇ ਇਕ ਬਿਆਨ ’ਚ ਕਿਹਾ ਕਿ ਦੋਵੇਂ ਆਗੂਆਂ ਦਾ ਯਾਤਰਾ ’ਚ ਇਕੱਠਿਆਂ ਚੱਲਣਾ ਸ਼ਾਸਕਾਂ ਲਈ ਸੁਨੇਹਾ ਹੈ ਕਿ ਉਹ ਭਾਵੇਂ ਲੋਕਤੰਤਰ ਨੂੰ ਖ਼ਤਰੇ ’ਚ ਪਾ ਸਕਦੇ ਹਨ ਪਰ ਉਨ੍ਹਾਂ ਨੂੰ ਇਹ ਖ਼ਤਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਯਾਤਰਾ ਦੌਰਾਨ ਮੁਕੁਲ ਵਾਸਨਿਕ, ਦੀਪੇਂਦਰ ਹੁੱਡਾ, ਮਿਲਿੰਦ ਦਿਓੜਾ, ਭਾਈ ਜਗਤਾਪ ਤੇ ਨਾਨਾ ਪਟੋਲੇ ਵੀ ਹਾਜ਼ਰ ਸਨ।

Add a Comment

Your email address will not be published. Required fields are marked *