ਕੰਗਨਾ ਦਾ ਬਿਆਨ ਚੋਣ ਮਰਿਆਦਾ ਖ਼ਿਲਾਫ਼- ਰੋਹਿਤ ਠਾਕੁਰ

ਮੁੰਬਈ – ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਤੇ ਅਭਿਨੇਤਰੀ ਕੰਗਨਾ ਰਾਣੌਤ ਵੱਲੋਂ ਪੀ. ਐੱਮ. ਨਰਿੰਦਰ ਮੋਦੀ ਨੂੰ ਭਗਵਾਨ ਸ਼੍ਰੀ ਰਾਮ ਦਾ ਅਵਤਾਰ ਤੇ ਅੰਸ਼ ਦੱਸੇ ਜਾਣ ’ਤੇ ਸਿਆਸਤ ਤੇਜ਼ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਸਰਕਾਰ ’ਚ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਕਿਹਾ ਕਿ ਇਹ ਕਥਨ ਚੋਣ ਮਰਿਆਦਾ ਖ਼ਿਲਾਫ਼ ਹੈ ਅਤੇ ਚੋਣ ਸਿਆਸਤ ਦੇ ਡਿੱਗਦੇ ਪੱਧਰ ਨੂੰ ਵੀ ਵਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਨਾਲ ਉਸ ਨੂੰ ਫ਼ਾਇਦਾ ਨਹੀਂ, ਸਗੋਂ ਨੁਕਸਾਨ ਹੋਵੇਗਾ। 

ਦੱਸ ਦੇਈਏ ਕਿ 2 ਅਪ੍ਰੈਲ ਨੂੰ ਮੰਡੀ ’ਚ ਇਕ ਚੋਣ ਰੈਲੀ ‘ਚ ਕੰਗਨਾ ਨੇ ਪੀ. ਐੱਮ. ਮੋਦੀ ਨੂੰ ਸ਼੍ਰੀ ਰਾਮ ਦਾ ਅੰਸ਼ ਦੱਸਿਆ ਸੀ। ਇੰਨਾ ਹੀ ਨਹੀਂ 31 ਮਾਰਚ ਨੂੰ ਸਰਕਾਘਾਟ ’ਚ ਲੋਕ ਸੰਪਰਕ ਮੁਹਿੰਮ ਦੌਰਾਨ ਵੀ ਕੰਗਨਾ ਨੇ ਪੀ. ਐੱਮ. ਮੋਦੀ ਨੂੰ ਭਗਵਾਨ ਰਾਮ ਚੰਦਰ ਦਾ ਅਵਤਾਰ ਦੱਸਿਆ ਸੀ। ਕੰਗਨਾ ਰਣੌਤ ਲਗਾਤਾਰ ਆਪਣੇ ਚੋਣ ਹਲਕੇ ’ਚ ਪ੍ਰਚਾਰ ‘ਚ ਲੱਗੀ ਹੋਈ ਹੈ। ਮੰਗਲਵਾਰ ਨੂੰ ਉਸ ਨੇ ਮੰਡੀ ਦੇ ਦਰੰਗ ਵਿਧਾਨ ਸਭਾ ਹਲਕੇ ’ਚ ਸ਼ਿਵਾਬਦਾਰ ’ਚ ਪ੍ਰਚਾਰ ਕੀਤਾ। ਇਸ ਦੌਰਾਨ ਕੰਗਨਾ ਨੇ ਦਰੰਗ ਡਵੀਜ਼ਨ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੰਮੇਲਨ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਕਾਂਗਰਸ ਦੇ ਲੋਕ ਉਸ ਬਾਰੇ ਇਸ ਤਰ੍ਹਾਂ ਦਾ ਗਲਤ ਪ੍ਰਚਾਰ ਕਰਨ ’ਚ ਲੱਗੇ ਹੋਏ ਹਨ। ਉਸ ਨੇ ਸਪੱਸ਼ਟ ਕੀਤਾ ਕਿ ਮੰਡੀ ’ਚ ਉਸ ਦਾ ਦਫਤਰ ਹੋਵੇਗਾ ਅਤੇ ਉਹ ਸਰਕਾਰੀ ਮੁਲਾਜ਼ਮ ਤੇ ਸੇਵਕ ਵਾਂਗ ਮੰਡੀ ਦੇ ਲੋਕਾਂ ਦੀ ਸੇਵਾ ਕਰੇਗੀ।v

ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸਮੇਂ ’ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਵੱਲੋਂ 4 ਜੂਨ ਨੂੰ ਦੇਸ਼ ‘ਚ ਅਤੇ ਹਿਮਾਚਲ ਪ੍ਰਦੇਸ਼ ’ਚ ਭਾਜਪਾ ਦੀ ਸਰਕਾਰ ਬਣਨ ਦੇ ਕੀਤੇ ਜਾ ਰਹੇ ਦਾਅਵੇ ਨੂੰ ਸੁੱਖੂ ਸਰਕਾਰ ਦੇ ਮੰਤਰੀਆਂ ਨੇ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਕਰਾਰ ਦਿੱਤਾ ਹੈ। ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਕਿਹਾ ਕਿ ਜੈਰਾਮ ਠਾਕੁਰ 27 ਫਰਵਰੀ ਨੂੰ ਵੀ ਇਹੀ ਗੱਲ ਕਹਿ ਰਹੇ ਸਨ। ਕਾਂਗਰਸੀ ਵਿਧਾਇਕਾਂ ਨੂੰ ਤੋੜਨ ਲਈ ਭਾਜਪਾ ਨੇ ਪੈਸੇ ਦੀ ਵਰਤੋਂ ਕੀਤੀ ਪਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਦੀਆਂ ਉਪ-ਚੋਣਾਂ ’ਚ ਜਨਤਾ ਪੈਸੇ ਦੀ ਤਾਕਤ ਨੂੰ ਹਰਾਏਗੀ ਅਤੇ ਜਨਤਾ ਦੀ ਤਾਕਤ ਦੀ ਜਿੱਤ ਹੋਵੇਗੀ, ਕਾਂਗਰਸ ਪਾਰਟੀ ਸਾਰੀਆਂ ਸੀਟਾਂ ਜਿੱਤੇਗੀ।

Add a Comment

Your email address will not be published. Required fields are marked *