ਵੰਦੇ ਭਾਰਤ ਐਕਸਪ੍ਰੈੱਸ ‘ਤੇ ਫਿਰ ਹਮਲਾ, ਪਥਰਾਅ ਕਾਰਨ ਟੁੱਟਾ ਖਿੜਕੀ ਦਾ ਸ਼ੀਸ਼ਾ

ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸੇ ਕੜੀ ‘ਚ 18 ਜੂਨ ਨੂੰ ਸ਼ਾਮ 7.03 ਵਜੇ ਦਿੱਲੀ-ਦੇਹਰਾਦੂਨ ਰੂਟ ‘ਤੇ ਮੁਜ਼ੱਫਰਨਗਰ ਸਟੇਸ਼ਨ ਨੇੜੇ ਵੰਦੇ ਭਾਰਤ ਐਕਸਪ੍ਰੈੱਸ ਦੇ E1 ਕੋਚ ‘ਤੇ ਪੱਥਰਬਾਜ਼ੀ ਦੀ ਸੂਚਨਾ ਮਿਲੀ ਹੈ। ਘਟਨਾ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਟ੍ਰੇਨ ਮੁਜ਼ੱਫਰਨਗਰ ਪਹੁੰਚਣ ਵਾਲੀ ਸੀ। ਇਸ ਘਟਨਾ ਵਿੱਚ ਵੰਦੇ ਭਾਰਤ ਟ੍ਰੇਨ ਦਾ ਸ਼ੀਸ਼ਾ ਟੁੱਟ ਗਿਆ ਹੈ। ਰੇਲਵੇ ਵਿਭਾਗ ਦੇ ਦੱਸਣ ਮੁਤਾਬਕ ਦਿੱਲੀ ਡਵੀਜ਼ਨ ਨੇ ਦੋਸ਼ੀਆਂ ਨੂੰ ਫੜਨ ਲਈ ਆਰਪੀਐੱਫ ਨੂੰ ਲਾਮਬੰਦ ਕਰ ਦਿੱਤਾ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵੰਦੇ ਭਾਰਤ ਐਕਸਪ੍ਰੈੱਸ ‘ਤੇ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਵਿਸ਼ਾਖਾਪਟਨਮ ‘ਚ ਟ੍ਰੇਨ ‘ਤੇ ਪੱਥਰਬਾਜ਼ੀ ਦੀ ਘਟਨਾ ਸਾਹਮਣੇ ਆਈ ਸੀ। ਇੱਥੇ ਵਿਸ਼ਾਖਾਪਟਨਮ-ਸਿਕੰਦਰਾਬਾਦ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ ਸੀ। ਇਸ ਪੱਥਰਬਾਜ਼ੀ ਵਿੱਚ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਸੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ ‘ਚ ਵਿਸ਼ਾਖਾਪਟਨਮ ‘ਚ ਵੰਦੇ ਭਾਰਤ ਟ੍ਰੇਨ ‘ਤੇ ਰੱਖ-ਰਖਾਅ ਦੌਰਾਨ ਪਥਰਾਅ ਦੀ ਘਟਨਾ ਸਾਹਮਣੇ ਆਈ ਸੀ। ਇਸ ਮਾਮਲੇ ਵਿੱਚ ਵਿਸ਼ਾਖਾਪਟਨਮ ਪੁਲਸ ਨੇ ਸੀਸੀਟੀਵੀ ਦੀ ਮਦਦ ਨਾਲ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਥੇ ਹੀ 11 ਮਾਰਚ ਨੂੰ ਪੱਛਮੀ ਬੰਗਾਲ ‘ਚ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਸੀ। ਬਿਹਾਰ ਦੇ ਕਟਿਹਾਰ ‘ਚ ਨਿਊ ਜਲਪਾਈਗੁੜੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ ‘ਤੇ ਅਣਪਛਾਤੇ ਬਦਮਾਸ਼ਾਂ ਨੇ ਪਥਰਾਅ ਕੀਤਾ ਸੀ। ਇਸ ਘਟਨਾ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਕੋਚ ਨੰਬਰ ਸੀ-6 ਦੀ ਖਿੜਕੀ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਸਨ। ਪੱਛਮੀ ਬੰਗਾਲ ਦੇ ਮਾਲਦਾ ‘ਚ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਵੀ ਪਥਰਾਅ ਕੀਤਾ ਗਿਆ ਸੀ। ਇਸ ਦੌਰਾਨ ਕੋਚ ਨੰਬਰ ਸੀ-13 ਦੇ ਸ਼ੀਸ਼ੇ ਅਤੇ ਦਰਵਾਜ਼ੇ ਨੁਕਸਾਨੇ ਗਏ ਸਨ।

Add a Comment

Your email address will not be published. Required fields are marked *