ਮੁਕੇਸ਼ ਅੰਬਾਨੀ ਦੀ ਕੰਪਨੀ ਬਣਾਏਗੀ ਦੇਸ਼ ਦਾ ਪਹਿਲਾ ਮਲਟੀਮੋਡਲ ਲਾਜਿਸਟਿਕ ਪਾਰਕ

ਨਵੀਂ ਦਿੱਲੀ — ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਚੇਨਈ ਵਿਚ ਦੇਸ਼ ਦਾ ਪਹਿਲਾ ਮਲਟੀਮੋਡਲ ਲੌਜਿਸਟਿਕ ਪਾਰਕ (ਐਮਐਮਐਲਪੀ) ਬਣਾਏਗੀ। ਇਸ ਅਤਿ-ਆਧੁਨਿਕ ਮਾਲ ਢੋਆ-ਢੁਆਈ ਦੀ ਸਹੂਲਤ ਵਾਲੇ ਪਾਰਕ ਵਿਚ ਆਵਾਜਾਈ ਦੇ ਕਈ ਢੰਗਾਂ ਤੱਕ ਪਹੁੰਚ ਹੋਵੇਗੀ ਅਤੇ ਇਸ ਨੂੰ ਤਿੰਨ ਪੜਾਵਾਂ ਵਿੱਚ ਵਿਕਸਤ ਕੀਤਾ ਜਾਵੇਗਾ।

ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਯਾਨੀ ਪੀਪੀਪੀ ਮੋਡ ਵਿੱਚ ਬਣਾਏ ਜਾ ਰਹੇ ਇਸ ਪ੍ਰੋਜੈਕਟ ਦੀ ਲਾਗਤ ਲਗਭਗ 1424 ਕਰੋੜ ਰੁਪਏ ਹੈ। ਰਿਲਾਇੰਸ ਇਸ ‘ਚ ਕਰੀਬ 783 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਇਸ ਦਾ ਪਹਿਲਾ ਪੜਾਅ 2025 ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਨਾਲ ਇਸ ਦਾ ਵਪਾਰਕ ਸੰਚਾਲਨ ਸ਼ੁਰੂ ਹੋ ਜਾਵੇਗਾ।

184.25 ਏਕੜ ਵਿੱਚ ਬਣ ਰਹੇ ਇਸ ਪਾਰਕ ਨੂੰ 45 ਸਾਲ ਦੀ ਰਿਆਇਤ ਮਿਆਦ ਲਈ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ 71.7 ਲੱਖ ਮੀਟ੍ਰਿਕ ਟਨ ਕਾਰਗੋ ਦਾ ਪ੍ਰਬੰਧਨ ਕਰੇਗਾ। ਟਰਾਂਸਪੋਰਟ ਮੰਤਰਾਲੇ ਦੀ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਤਹਿਤ ਦੇਸ਼ ਭਰ ਵਿੱਚ ਅਜਿਹੇ 35 ਪਾਰਕ ਬਣਾਉਣ ਦੀ ਯੋਜਨਾ ਹੈ। ਇਸ ਨਾਲ ਵੱਖ-ਵੱਖ ਆਰਥਿਕ ਜ਼ੋਨਾਂ ਨੂੰ ਮਲਟੀਮੋਡਲ ਕਨੈਕਟੀਵਿਟੀ ਨਾਲ ਜੋੜਿਆ ਜਾਵੇਗਾ। ਮੰਤਰਾਲੇ ਨੇ ਅਗਲੇ ਤਿੰਨ ਸਾਲਾਂ ਲਈ 15 ਅਜਿਹੇ ਪਾਰਕਾਂ ਨੂੰ ਆਪਣੀ ਤਰਜੀਹੀ ਸੂਚੀ ਵਿੱਚ ਰੱਖਿਆ ਹੈ।

ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ (NHLML) ਦੇ ਮੁੱਖ ਕਾਰਜਕਾਰੀ ਪ੍ਰਕਾਸ਼ ਗੌੜ ਨੇ ਦੱਸਿਆ ਕਿ MMLP ਲਈ ਬੇਂਗਲੁਰੂ ਅੱਗੇ ਹੈ। ਇਸ ਲਈ ਦਸੰਬਰ ਤੱਕ ਬੋਲੀ ਲਗਾਈ ਜਾਣੀ ਹੈ। ਇਸ ਦਾ ਠੇਕਾ ਦਸੰਬਰ ਵਿੱਚ ਹੀ ਦਿੱਤਾ ਜਾਵੇਗਾ।

ਗੌੜ ਨੇ ਦੱਸਿਆ ਕਿ ਨਾਗਪੁਰ MMLP ਲਈ ਬੋਲੀ ਦਸੰਬਰ ਵਿੱਚ ਬੁਲਾਈ ਜਾਵੇਗੀ ਅਤੇ ਠੇਕਾ ਜਨਵਰੀ 2023 ਵਿੱਚ ਦਿੱਤਾ ਜਾਵੇਗਾ। ਜਨਵਰੀ ਵਿੱਚ ਇੰਦੌਰ MMLP ਲਈ ਬੋਲੀ ਬੁਲਾਈ ਜਾਵੇਗੀ ਅਤੇ ਠੇਕਾ ਮਾਰਚ ਵਿੱਚ ਦਿੱਤਾ ਜਾਵੇਗਾ। NHLHL ਇੱਕ ਸਪੈਸ਼ਲ ਪਰਪਜ਼ ਵਹੀਕਲ (SPV) ਹੈ ਜੋ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (NHAI) ਦੁਆਰਾ ਲੌਜਿਸਟਿਕ ਪਾਰਕਾਂ ਨੂੰ ਵਿਕਸਤ ਕਰਨ ਲਈ ਬਣਾਈ ਗਈ ਹੈ।

ਮਲਟੀਮੋਡਲ ਹੱਬ ਦੇਸ਼ ਵਿੱਚ ਪੀਪੀਪੀ ਮੋਡ ‘ਤੇ ਵੱਡੇ ਬੁਨਿਆਦੀ ਢਾਂਚੇ ਦੀ ਸਥਾਪਨਾ ਲਈ ਰਾਹ ਪੱਧਰਾ ਕਰਨਗੇ। ਇਸ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਇੱਕਜੁੱਟ ਹੋ ਗਈਆਂ ਹਨ। NHLML, ਰੇਲ ਵਿਕਾਸ ਨਿਗਮ, ਚੇਨਈ ਪੋਰਟ ਅਥਾਰਟੀ ਅਤੇ ਤਾਮਿਲਨਾਡੂ ਉਦਯੋਗਿਕ ਵਿਕਾਸ ਨਿਗਮ ਨੇ ਚੇਨਈ MMLP ਲਈ ਇੱਕ SPV ਦਾ ਗਠਨ ਕੀਤਾ ਹੈ। ਇਸ ਦੇ ਲਈ 5.4 ਕਿਲੋਮੀਟਰ ਲੰਬਾ ਚਾਰ ਮਾਰਗੀ ਰਾਸ਼ਟਰੀ ਰਾਜਮਾਰਗ ਬਣਾਇਆ ਜਾਵੇਗਾ। ਇਸ ਦੀ ਲਾਗਤ 104 ਕਰੋੜ ਰੁਪਏ ਹੋਵੇਗੀ। ਇਸ ਦੇ ਨਾਲ ਹੀ 10.5 ਕਿਲੋਮੀਟਰ ਲੰਬਾਈ ਦੀ ਨਵੀਂ ਰੇਲ ਸਾਈਡਿੰਗ ਬਣਾਈ ਜਾਵੇਗੀ। ਇਸ ‘ਤੇ 217 ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ। ਗੌੜ ਨੇ ਦੱਸਿਆ ਕਿ ਵਿਦੇਸ਼ੀ ਕੰਪਨੀਆਂ ਨੇ ਵੀ ਇਨ੍ਹਾਂ ਪ੍ਰੋਜੈਕਟਾਂ ਵਿਚ ਦਿਲਚਸਪੀ ਦਿਖਾਈ ਹੈ।

Add a Comment

Your email address will not be published. Required fields are marked *