ਲੋਕਾਂ ਦੀ ਆਵਾਜ਼ ਖਾਮੋਸ਼ ਕਰਨ ਲਈ ਸੰਸਦ ’ਚ ਮਾਈਕ ਬੰਦ ਕੀਤੇ ਗਏ: ਰਾਹੁਲ

ਨਾਂਦੇੜ (ਮਹਾਰਾਸ਼ਟਰ), 10 ਨਵੰਬਰ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸੱਤਾਧਾਰੀ ਭਾਜਪਾ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਵਿੱਚ ਅਹਿਮ ਮਸਲਿਆਂ ’ਤੇ ਵਿਚਾਰ ਚਰਚਾ ਦੌਰਾਨ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਖਾਮੋਸ਼ ਕਰਨ ਲਈ ਪਿੱਛੋਂ ਮਾਈਕ ਬੰਦ ਕਰਨ ਜਿਹੇ ਹਥਕੰਡਿਆਂ ਦਾ ਸਹਾਰਾ ਲਿਆ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਪਾਰਟੀ ਵੱਲੋਂ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਦੀ ਲੜੀ ’ਚ ਇਥੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕਾਬਿਲੇਗੌਰ ਹੈ ਕਿ ਸਤੰਬਰ ਮਹੀਨੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਯਾਤਰਾ ਅੱਜਕੱਲ੍ਹ ਮਹਾਰਾਸ਼ਟਰ ਵਿੱਚ ਹੈ। ਇਸ ਦੌਰਾਨ ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਐੱਨਸੀਪੀ ਆਗੂ ਸ਼ਰਦ ਪਵਾਰ(81) ਆਪਣੀ ਨਾਸਾਜ਼ ਸਿਹਤ ਕਰਕੇ ‘ਯਾਤਰਾ’ ਮੌਕੇ ਗੈਰਹਾਜ਼ਰ ਰਹਿਣਗੇ। ਉਂਜ ਪਵਾਰ ਦੀ ਧੀ ਤੇ ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਤੇ ਹੋਰ ਪਾਰਟੀ ਆਗੂ ਅੱਜ ਨਾਂਦੇੜ ਵਿੱਚ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਏ। ਸ਼ਿਵ ਸੈਨਾ ਯੂਬੀਟੀ ਦੇ ਆਦਿੱਤਿਆ ਠਾਕਰੇ ਤੇ ਹੋਰ ਆਗੂ ਸ਼ੁੱਕਰਵਾਰ ਨੂੰ ਯਾਤਰਾ ਨਾਲ ਜੁੜਨਗੇ।

ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਬੀਤੇ ਦੀਆਂ ਕੁਝ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਜਦੋਂ ਸੰਸਦ ਵਿੱਚ ਵਿਰੋਧੀ ਧਿਰਾਂ ਦੇ ਆਗੂਆਂ ਦੇ ਬੋਲਣ ਮੌਕੇ ਮਾਈਕ ਕੱਟੇ ਗਏ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਬੁਲਾਰਿਆਂ ਨੇ ਨੋਟਬੰਦੀ ਬਾਰੇ ਗੱਲ ਕਰਨੀ ਚਾਹੀ ਤਾਂ ਉਦੋਂ ਮਾਈਕ ਕੱਟੇ ਗਏ। ਇਸੇ ਤਰ੍ਹਾਂ ਮਹਿੰਗਾਈ, ਬੇਰੁਜ਼ਗਾਰੀ ਜਾਂ ਫਿਰ ਅਗਨੀਪੱਥ ਸਕੀਮ ਬਾਰੇ ਬੋਲਣ ਮੌਕੇ ਵੀ ਇਹੀ ਕੁਝ ਕੀਤਾ ਗਿਆ। ਉਨ੍ਹਾਂ ਕਿਹਾ, ‘‘ਅਸੀਂ ਵਿਚਾਰ ਚਰਚਾ ਚਾਹੁੰਦੇ ਸੀ, ਪਰ ਮਾਈਕ ਕੱਟ ਦਿੱਤੇ ਗਏ ਤਾਂ ਕਿ ਸੰਸਦ ਵਿੱਚ ਲੋਕਾਂ ਦੀ ਆਵਾਜ਼ ਨੂੰ ਖਾਮੋਸ਼ ਕੀਤਾ ਜਾ ਸਕੇ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿੱਧਾ ਨਿਸ਼ਾਨਾ ਬਣਾਉਂਦਿਆਂ ਗਾਂਧੀ ਨੇ ਐਲਾਨ ਕੀਤਾ, ‘‘ਪ੍ਰਧਾਨ ਮੰਤਰੀ, ਧਿਆਨ ਨਾਲ ਸੁਣ ਲੈਣ- ਤੁਸੀਂ ਲੋਕਾਂ ਦੀ ਆਵਾਜ਼ ਨੂੰ ਨਹੀਂ ਦਬਾਅ ਸਕਦੇ, ਇਸ ਦੀ ਗੂੰਜ ਤੁਹਾਡੇ ਹੰਕਾਰ ਨੂੰ ਤੋੜੇਗੀ।’’ ਗਾਂਧੀ ਨੇ ਕਿਹਾ, ‘‘ਭਾਜਪਾ ਤੇ ਆਰਐੱਸਐੱਸ ਦਾ ਏਜੰਡਾ ਫਿਕਸ ਹੈ। ਪਹਿਲਾਂ ਉਹ ਲੋਕਾਂ ਦੇ ਮਨਾਂ ’ਚ ਖੌਫ਼ ਪੈਦਾ ਕਰਨਗੇ ਤੇ ਮਗਰੋਂ ਇਸ ਡਰ ਨੂੰ ਧਰਮਾਂ ਤੇ ਜਾਤਾਂ ਦਰਮਿਆਨ ਨਫ਼ਰਤ ’ਚ ਬਦਲ ਦੇਣਗੇ। ਅਸੀਂ ਆਪਣੀ ਭਾਰਤ ਜੋੜੋ ਯਾਤਰਾ ਜਾਰੀ ਰੱਖਾਂਗੇ ਤੇ ਇਹ ਸ੍ਰੀਨਗਰ ਵਿੱਚ ਜਾ ਕੇ ਖ਼ਤਮ ਹੋਵੇਗੀ।’’

Add a Comment

Your email address will not be published. Required fields are marked *