ਮੁੜ ਸਰਕਾਰ ਬਣੀ ਤਾਂ ਹਿਮਾਚਲ ’ਚ ਸਾਂਝਾ ਸਿਵਲ ਕੋਡ ਲਾਗੂ ਕਰਾਂਗੇ: ਸ਼ਾਹ

ਫਤਹਿਪੁਰ, 10 ਨਵੰਬਰ-: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖਰੀ ਦਿਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੂੰ ਘੁਟਾਲੇ ਕਰਨ ਵਾਲੀ ਪਾਰਟੀ ਦੱਸਿਆ ਉੱਥੇ ਹੀ ਪਾਰਟੀ ਪ੍ਰਧਾਨ ਜੇਪੀ ਨੱਢਾ ਨੇ ਚੋਣ ਰੈਲੀ ਦੌਰਾਨ ਲੋਕਾਂ ਨੂੰ ਸੂਬੇ ’ਚ ਮੁੜ ਭਾਜਪਾ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗੜਾ ਜ਼ਿਲ੍ਹੇ ਦੇ ਸੁਲਾਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਸੱਤਾ ’ਚ ਬਰਕਾਰ ਰਹਿੰਦੀ ਹੈ ਤਾਂ ਜਲਦੀ ਹੀ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕੀਤਾ ਜਾਵੇਗਾ। ਉਨ੍ਹਾਂ ਵਿਰੋਧੀ ਧਿਰ ਕਾਂਗਰਸ ਵੱਲੋਂ ਦਿੱਤੀਆਂ ਗਈਆਂ 10 ਗਾਰੰਟੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਸਿਰਫ਼ ਅਸਰ ਰਸੂਖ ਵਾਲੇ ਲੋਕਾਂ ਦੀ ਗਾਰੰਟੀ ’ਤੇ ਭਰੋਸਾ ਕਰਦੇ ਹਨ ਜਦਕਿ ਵਿਰੋਧੀ ਧਿਰ ਕੋਲ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ 2014 ’ਚ ਕੇਂਦਰ ’ਚ ਭਾਜਪਾ ਦੇ ਸੱਤਾ ’ਚ ਆਉਣ ਮਗਰੋਂ ਕੋਈ ਘੁਟਾਲਾ ਸਾਹਮਣੇ ਨਹੀਂ ਆਇਆ ਜਦਕਿ ਵਿਰੋਧੀ ਧਿਰ ਦੇ ਕਾਰਜਕਾਲ ’ਚ ਘੁਟਾਲਿਆਂ ਦੀ ਗਿਣਤੀ ਕਰਨਾ ਮੁਸ਼ਕਲ ਹੈ। ਉਨ੍ਹਾਂ ਕਾਂਗਰਸ ’ਤੇ 2004-14 ਤੱਕ ਦੇ ਕਾਰਜਕਾਲ ’ਚ 12 ਲੱਖ ਕਰੋੜ ਰੁਪਏ ਦੇ ਘੁਟਾਲਿਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਤੇ ਕਿਹਾ ਕਿ ਕਾਂਗਰਸ ਵੱਲੋਂ ਦਿੱਤੀ ਜਾਣ ਵਾਲੀ ਗਾਰੰਟੀ ਦਾ ਹਿਮਾਚਲ ਪ੍ਰਦੇਸ਼ ਦੇ ਲੋਕਾਂ ’ਤੇ ਕੋਈ ਅਸਰ ਨਹੀਂ ਹੋਵੇਗਾ।

ਉੱਧਰ ਫਤਹਿਪੁਰ ’ਚ ਪਾਰਟੀ ਉਮੀਦਵਾਰ ਰਾਕੇਸ਼ ਪਠਾਨੀਆ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ’ਚ ਕੋਈ ਗਲਤ ਸਰਕਾਰ ਸੱਤਾ ’ਚ ਆਉਂਦੀ ਹੈ ਤਾਂ ਸੂਬੇ ਦਾ ਵਿਕਾਸ ਰੁਕ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬੇ ’ਚ ‘ਡਬਲ ਇੰਜਣ’ ਦੀ ਸਰਕਾਰ ਨੇ ਇੱਥੇ ਕਈ ਪ੍ਰਾਜੈਕਟ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ, ‘ਇਹ ਸਰਕਾਰ ਨੂੰ ਮੁੜ ਲਿਆਉਣ ਦਾ ਮੌਕਾ ਹੈ। ਜਦੋਂ ਇੱਕ ਇੰਜਣ ਕੰਮ ਕਰਨਾ ਬੰਦ ਕਰਦਾ ਹੈ ਤਾਂ ਹਿਮਾਚਲ ਕਮਜ਼ੋਰ ਪੈ ਜਾਂਦਾ ਹੈ। ਜੇਕਰ ਚੰਗੇ ਮਾਲੀ ਨੂੰ ਨਾ ਚੁਣਿਆ ਗਿਆ ਤਾਂ ਬਾਗ ਬਰਬਾਦ ਹੋ ਜਾਵੇਗਾ।’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਚੋਣਾਂ ਅਗਲੇ ਪੰਜ ਸਾਲ ਲਈ ਤੁਹਾਡੇ ਅਧਿਕਾਰਾਂ ਬਾਰੇ ਹਨ ਇਸ ਲਈ ਸੋਚ ਸਮਝ ਕੇ ਵੋਟ ਪਾਓ।

Add a Comment

Your email address will not be published. Required fields are marked *