ਗੁਜਰਾਤ ਵਿਧਾਨ ਸਭਾ ਚੋਣਾਂ: ਹਰਭਜਨ ਸਿੰਘ ਤੇ ਅਨਮੋਲ ਗਗਨ ਨੂੰ ‘ਆਪ’ ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਅਹਿਮਦਾਬਾਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਰਾਜ ਸਭਾ ਮੈਂਬਰ ਅਤੇ ਕ੍ਰਿਕਟਰ ਹਰਭਜਨ ਸਿੰਘ ਸਮੇਤ 20 ਲੋਕਾਂ ਦੇ ਨਾਂ ਆਮ ਆਦਮੀ ਪਾਰਟੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ‘ਚ ‘ਸਟਾਰ ਪ੍ਰਚਾਰਕਾਂ’ ਵਜੋਂ ਸ਼ਾਮਲ ਕੀਤੇ ਹਨ। ਆਮ ਆਦਮੀ ਪਾਰਟੀ (ਆਪ) ਨੇ ਇਨ੍ਹਾਂ 20 ਲੋਕਾਂ ਦੇ ਨਾਵਾਂ ਦੇ ਸੂਚੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੇ ਰੂਪ ਵਿਚ ਚੋਣ ਕਮਿਸ਼ਨ ਨੂੰ ਸੌਂਪੀ ਹੈ।

ਮੰਗਲਵਾਰ ਰਾਤ ਮੀਡੀਆ ‘ਚ ਜਾਰੀ ਕੀਤੀ ਗਈ ਇਸ ਸੂਚੀ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਅਤੇ ਗੁਜਰਾਤ ‘ਚ ਮੁੱਖ ਮੰਤਰੀ ਅਹੁਦੇ ਲਈ ਪਾਰਟੀ ਦਾ ਚਿਹਰਾ ਈਸ਼ੂਦਾਨ ਗੜਵੀ ਵੀ ਸ਼ਾਮਲ ਹੈ। ‘ਆਪ’ ਦੀ ਮਹਿਲਾ ਆਗੂ ਤੇ ਪੰਜਾਬ ਦੀ ਵਿਧਾਇਕਾ ਬਲਜਿੰਦਰ ਕੌਰ, ਗਾਇਕ ਤੇ ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਕੌਮੀ ਕੌਂਸਲ ਮੈਂਬਰ ਰਾਕੇਸ਼ ਹੀਰਾਪਾਰਾ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਸ਼ਾਮਲ ਹਨ। 

‘ਆਪ’ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਗੋਪਾਲ ਇਟਾਲੀਆ, ਜਨਰਲ ਸਕੱਤਰ ਮਨੋਜ ਸੋਰਾਠੀਆ, ਹਾਲ ਹੀ ‘ਚ ਪਾਰਟੀ ‘ਚ ਸ਼ਾਮਲ ਹੋਏ ਪਾਟੀਦਾਰ ਨੇਤਾ ਅਲਪੇਸ਼ ਕਠੀਰੀਆ ਅਤੇ ਨੌਜਵਾਨ ਨੇਤਾ ਯੁਵਰਾਜ ਸਿੰਘ ਜਡੇਜਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ‘ਆਪ’ ਦੇ ਯੁਵਾ ਮੋਰਚਾ ਦੇ ਪ੍ਰਧਾਨ ਪ੍ਰਵੀਨ ਰਾਮ, ਕੋਲੀ ਭਾਈਚਾਰੇ ਦੇ ਆਗੂ ਰਾਜੂ ਸੋਲੰਕੀ, ਉਮੀਦਵਾਰ ਜਗਰਾਮ ਵਾਲਾ ਅਤੇ ‘ਆਪ’ ਦੀ ਗੁਜਰਾਤ ਪ੍ਰਦੇਸ਼ ਮਹਿਲਾ ਸੰਗਠਨ ਦੀ ਮੁਖੀ ਗੌਰੀ ਦੇਸਾਈ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਹਨ। ਦੱਸ ਦੇਈਏ ਕਿ ‘ਆਪ’ ਨੇ 182 ਮੈਂਬਰੀ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਤੱਕ 158 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸੂਬੇ ਵਿਚ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿਚ 1 ਅਤੇ 5 ਦਸੰਬਰ ਨੂੰ ਹੋਣੀਆਂ ਹਨ।

Add a Comment

Your email address will not be published. Required fields are marked *