ਨਿਊਜ਼ੀਲੈਂਡ ਦੀ ਮਸਜਿਦ ‘ਚ 51 ਲੋਕਾਂ ਦਾ ਕਤਲ ਕਰਨ ਵਾਲੇ ਵਿਅਕਤੀ ਨੇ ਅਪੀਲ ਕੀਤੀ ਦਾਇਰ

ਵੈਲਿੰਗਟਨ/ਨਿਊਜ਼ੀਲੈਂਡ- ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਘਾਤਕ ਗੋਲੀਬਾਰੀ ਵਿੱਚ 51 ਮੁਸਲਮਾਨਾਂ ਦਾ ਕਤਲ ਕਰਨ ਵਾਲੇ ਵਿਅਕਤੀ ਨੇ ਆਪਣੀ ਦੋਸ਼ਸਿੱਧੀ ਅਤੇ ਸਜ਼ਾ ਵਿਰੁੱਧ ਅਪੀਲ ਦਾਇਰ ਕੀਤੀ ਹੈ। ਨਿਊਜ਼ੀਲੈਂਡ ਦੀ ਅਪੀਲ ਕੋਰਟ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਬੰਦੂਕਧਾਰੀ ਬ੍ਰੈਂਟਨ ਟੈਰੈਂਟ ਨੇ ਪਿਛਲੇ ਹਫ਼ਤੇ ਇੱਕ ਅਪੀਲ ਦਾਇਰ ਕੀਤੀ ਸੀ। ਅਦਾਲਤ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਦੀ ਤਾਰੀਖ਼ ਅਜੇ ਤੈਅ ਹੋਣੀ ਬਾਕੀ ਹੈ।

ਗੋਰੇ ਲੋਕਾਂ ਦੇ ਸਰਬੋਤਮ ਹੋਣ ਦੀ ਮਾਨਸਿਕਤਾ ਰੱਖਣ ਵਾਲੇ ਟੈਰੇਂਟ ਨੇ ਮਾਰਚ 2019 ਵਿਚ ਜੁਮੇ ਦੀ ਨਮਾਜ਼ ਦੌਰਾਨ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿੱਚ ਸ਼ਰਧਾਲੂਆਂ’ਤੇ ਗੋਲੀਬਾਰੀ ਕੀਤੀ ਸੀ। ਹਮਲੇ ‘ਚ ਕਈ ਲੋਕ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਨੂੰ ਉਸ ਨੇ ਫੇਸਬੁੱਕ ‘ਤੇ ਲਾਈਵ ਸਟ੍ਰੀਮ ਵੀ ਕੀਤਾ ਸੀ। ਅਗਲੇ ਸਾਲ ਟੈਰੈਂਟ ਨੂੰ ਕਤਲ ਦੇ 51 ਮਾਮਲਿਆਂ, ਕਤਲ ਦੀ ਕੋਸ਼ਿਸ਼ ਦੇ 40 ਮਾਮਲਿਆਂ ਅਤੇ ਅੱਤਵਾਦ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ।

ਉਸ ਨੂੰ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਵੱਲੋਂ ਉਸ ਦੀ ਅਪੀਲ ਦੇ ਵੇਰਵੇ ਤੁਰੰਤ ਮੁਹੱਈਆ ਨਹੀਂ ਕਰਵਾਏ ਗਏ ਹਨ। ਇਸ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਤੁਰੰਤ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ, ਜਿਸ ਵਿੱਚ ਅਰਧ-ਆਟੋਮੈਟਿਕ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ।

Add a Comment

Your email address will not be published. Required fields are marked *