ATM ’ਚੋਂ ਪੈਸੇ ਕਢਵਾਉਣ ਆਏ ਵਿਅਕਤੀ ਨਾਲ ਨੌਸਰਬਾਜ਼ਾਂ ਨੇ ਮਾਰੀ 80 ਹਜ਼ਾਰ ਦੀ ਠੱਗੀ

ਸਮਰਾਲਾ : ਪੰਜਾਬ ਭਰ ‘ਚ ਸਰਗਰਮ ਨੌਸਰਬਾਜ਼ਾਂ ਦੇ ਗਿਰੋਹਾਂ ਵੱਲੋਂ ਬੈਂਕ ’ਚ ਲੈਣ-ਦੇਣ ਲਈ ਆਉਣ ਵਾਲੇ ਭੋਲੇ-ਭਾਲੇ ਲੋਕਾਂ ਨਾਲ ਆਏ ਦਿਨ ਠੱਗੀਆਂ ਵੱਜਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਹ ਗਿਰੋਹ ਸਮਰਾਲਾ ‘ਚ ਵੀ ਲਗਾਤਾਰ ਸਰਗਰਮ ਹੈ ਅਤੇ ਕਈ ਲੋਕਾਂ ਨਾਲ ਠੱਗੀ ਵੱਜ ਚੁੱਕੀ ਹੈ। ਬੀਤੇ ਦਿਨ ਵੀ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ‘ਚੋਂ ਪੈਸੇ ਕਢਵਾਉਣ ਆਏ ਇਕ ਵਿਅਕਤੀ ਨਾਲ ਇਨ੍ਹਾਂ ਨੌਸਰਬਾਜ਼ਾਂ ਵੱਲੋਂ ਬੜੀ ਚਾਲਾਕੀ ਨਾਲ ਉਸ ਦਾ ਕਾਰਡ ਬਦਲ ਕੇ ਠੱਗੀ ਮਾਰ ਲਈ ਗਈ। ਜਦੋਂ ਤੱਕ ਇਸ ਵਿਅਕਤੀ ਨੂੰ ਉਸ ਦਾ ਏਟੀਐੱਮ ਕਾਰਡ ਬਦਲੇ ਜਾਣ ਦਾ ਪਤਾ ਲੱਗਾ, ਉਦੋਂ ਤੱਕ ਉਸ ਦੇ ਖਾਤੇ ‘ਚੋਂ 80 ਹਜ਼ਾਰ ਰੁਪਏ ਦੀ ਰਕਮ ਉੱਡ ਚੁੱਕੀ ਸੀ।

ਸਮਰਾਲਾ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਨੇੜਲੇ ਪਿੰਡ ਦਿਆਲਪੁਰਾ ਦੇ ਰਹਿਣ ਵਾਲੇ ਜੁਆਲਾ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਛੋਟੀ ਭੈਣ ਨਾਲ ਏਟੀਐੱਮ ‘ਚੋਂ 5 ਹਜ਼ਾਰ ਰੁਪਏ ਕਢਵਾਉਣ ਆਇਆ ਸੀ। ਪੈਸੇ ਕਢਵਾਉਣ ਵੇਲੇ ਇਕ ਅਣਜਾਣ ਲੜਕਾ ਵੀ ਉੱਥੇ ਆ ਗਿਆ ਤੇ ਜਦੋਂ ਰਕਮ ਨਿਕਾਸੀ ਤੋਂ ਬਾਅਦ ਉਸ ਦੀ ਰਸੀਦ ਨਹੀਂ ਨਿਕਲੀ ਤਾਂ ਇਸ ਲੜਕੇ ਨੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ। ਇੰਨੇ ‘ਚ ਇਸ ਠੱਗ ਦੇ 2 ਹੋਰ ਸਾਥੀ ਵੀ ਉਥੇ ਆ ਗਏ ਤੇ ਬੜੀ ਹੀ ਚਲਾਕੀ ਨਾਲ ਉਸ ਦਾ ਏਟੀਐੱਮ ਕਾਰਡ ਬਦਲ ਕੇ ਲੈ ਗਏ। ਜਦੋਂ ਉਸ ਨੂੰ ਕੁਝ ਸ਼ੱਕ ਹੋਇਆ ਤਾਂ ਜਿਹੜਾ ਕਾਰਡ ਉਸ ਨੂੰ ਇਹ ਠੱਗ ਦੇ ਕੇ ਗਏ, ਉਹ ਪਹਿਲਾਂ ਤੋਂ ਹੀ ਬਲਾਕ ਕੀਤਾ ਹੋਇਆ ਸੀ।

ਕੁਝ ਦੇਰ ਬਾਅਦ ਹੀ ਉਸ ਦੀ ਭੈਣ ਜਿਸ ਦਾ ਇਹ ਬੈਂਕ ਖਾਤਾ ਹੈ, ਨੂੰ ਵਾਰ-ਵਾਰ ਪੈਸੇ ਨਿਕਲਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ 3 ਵਾਰ ਠੱਗਾਂ ਨੇ ਖਾਤੇ ‘ਚੋਂ 80 ਹਜ਼ਾਰ ਰੁਪਏ ਦੀ ਰਕਮ ਉਡਾ ਲਈ। ਜੁਆਲਾ ਸਿੰਘ ਨੇ ਦੋਸ਼ ਲਾਇਆ ਕਿ ਏਟੀਐੱਮ ਕਾਰਡ ਬਦਲੇ ਜਾਣ ਦਾ ਸ਼ੱਕ ਹੁੰਦੇ ਹੀ ਉਸ ਨੇ ਤੁਰੰਤ ਬੈਂਕ ਅੰਦਰ ਜਾ ਕੇ ਏਟੀਐੱਮ ਕਾਰਡ ਬਲਾਕ ਕਰਨ ਦਾ ਬੜਾ ਰੌਲ਼ਾ ਪਾਇਆ ਪਰ ਕੋਈ ਸੁਣਵਾਈ ਨਹੀਂ ਹੋਈ।

ਦੂਜੇ ਪਾਸੇ ਬੈਂਕ ਮੈਨੇਜਰ ਨੇ ਦੱਸਿਆ ਕਿ ਗਾਹਕ ਨੂੰ ਖਾਤੇ ‘ਚੋਂ ਪੈਸੇ ਨਿਕਲਣ ਤੋਂ ਬਾਅਦ ਇਸ ਠੱਗੀ ਦਾ ਪਤਾ ਲੱਗਾ ਤੇ ਜਦੋਂ ਤੱਕ ਉਨ੍ਹਾਂ ਕੋਲ ਸ਼ਿਕਾਇਤ ਪਹੁੰਚੀ, ਉਦੋਂ ਤੱਕ 80 ਹਜ਼ਾਰ ਰੁਪਏ ਖਾਤੇ ‘ਚੋਂ ਨਿਕਲ ਚੁੱਕੇ ਸਨ। ਇਸ ਠੱਗੀ ਦੇ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਡੀਐੱਸਪੀ ਸਮਰਾਲਾ ਵਰਿਆਮ ਸਿੰਘ ਨੇ ਥਾਣਾ ਐੱਸਐੱਚਓ ਨੂੰ ਮਾਮਲਾ ਜਲਦੀ ਹੱਲ ਕਰਨ ਲਈ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ।

Add a Comment

Your email address will not be published. Required fields are marked *