ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ ‘ਤੇ ਲਾਏ ਗੰਭੀਰ ਇਲਜ਼ਾਮ, ਦਰਜ ਕਰਵਾਇਆ ਮਾਮਲਾ
ਮੁੰਬਈ : ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਅਤੇ ਸ਼ਰਲਿਨ ਚੋਪੜਾ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਸ਼ਬਦੀ ਜੰਗ ਚੱਲ ਰਹੀ ਹੈ। ਦੋਵੇਂ ਇੱਕ ਦੂਜੇ ‘ਤੇ ਨਿੱਜੀ ਟਿੱਪਣੀਆਂ ਕਰ ਰਹੇ ਸਨ। ਹੁਣ ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। 5 ਨਵੰਬਰ ਨੂੰ ਰਾਖੀ ਸਾਵੰਤ ਨੇ ਜਨਤਕ ਤੌਰ ‘ਤੇ ਪੇਸ਼ਕਾਰੀ ਦਿੱਤੀ ਅਤੇ ਸ਼ਰਲਿਨ ਨਾਲ ਆਪਣੇ ਵਿਵਾਦ ਬਾਰੇ ਪੈਪਰਾਜ਼ੀ ਨਾਲ ਗੱਲ ਕੀਤੀ। ਇਸ ਦੌਰਾਨ ਰਾਖੀ ਸਾਵੰਤ ਆਪਣੀ ਵਕੀਲ ਫਾਲਗੁਨੀ ਨਾਲ ਸੀ ਅਤੇ ਉਸ ਨੇ ਆਪਣੇ ਵਕੀਲ ਨੂੰ ਮਾਮਲੇ ਬਾਰੇ ਦੱਸਣ ਲਈ ਕਿਹਾ। ਵਕੀਲ ਨੇ ਦੱਸਿਆ ਕਿ ਰਾਖੀ ਸਾਵੰਤ ਨੇ ਸ਼ਰਲਿਨ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ।
ਦੱਸ ਦਈਏ ਕਿ ਰਾਖੀ ਸਾਵੰਤ ਨੇ ਪੈਪਰਾਜ਼ੀ ਨਾਲ ਗੱਲ ਕਰਦੇ ਹੋਏ ਕਿਹਾ- ‘ਸ਼ਰਲਿਨ ਨੇ ਇੰਨੇ ਸਾਲਾਂ ਤੋਂ ਕੁਝ ਨਹੀਂ ਕੀਤਾ, ਕੀ ਉਹ ਨੀਂਦ ‘ਚ ਸੌਂ ਰਹੀ ਸੀ? ਹੁਣ ਜਦੋਂ ਸਾਜਿਦ ਖ਼ਾਨ ‘ਬਿੱਗ ਬੌਸ’ ਦੇ ਘਰ ਪਹੁੰਚ ਚੁੱਕੇ ਹਨ ਤਾਂ ਉਨ੍ਹਾਂ ਦੇ ਨਾਂ ਦੀ ਪਬਲੀਸਿਟੀ ਖਾਈ ਜਾ ਰਹੀ ਹੈ, ਜੋ ਕਿ ਗ਼ਲਤ ਹੈ। ਬਾਲੀਵੁੱਡ ਤੋਂ ਬੋਲਣ ਲਈ ਕੋਈ ਨਹੀਂ ਆ ਰਿਹਾ, ਹਰ ਕੋਈ ਡਰਦਾ ਹੈ,ਮੈਂ ਕਿਸੇ ਤੋਂ ਨਹੀਂ ਡਰਦੀ। ਮੈਂ ਸਮਾਜ ਸੇਵਕ ਹਾਂ। ਮੇਰੇ ਦਿਲ ‘ਚ ਭਾਰਤ ਦੇ ਲੋਕਾਂ ਲਈ ਪਿਆਰ ਹੈ ਅਤੇ ਇਸੇ ਲਈ ਮੈਂ ਉਨ੍ਹਾਂ ਲਈ ਲੜਨ ਆਈ ਹਾਂ। ਰਾਖੀ ਨੇ ਸ਼ਰਲਿਨ ‘ਤੇ ਇਹ ਵੀ ਦੋਸ਼ ਲਗਾਇਆ ਕਿ ਉਸ ਨੇ ਇੰਡਸਟਰੀ ਦੇ ਕੁਝ ਲੋਕਾਂ ਨੂੰ ਪੈਸਿਆਂ ਲਈ ਬਲੈਕਮੇਲ ਵੀ ਕੀਤਾ ਹੈ।
ਦੱਸਣਯੋਗ ਹੈ ਕਿ ਸ਼ਰਲਿਨ ਚੋਪੜਾ ‘ਬਿੱਗ ਬੌਸ 16’ ‘ਚ ਨਿਰਦੇਸ਼ਕ ਸਾਜਿਦ ਖ਼ਾਨ ਦੀ ਐਂਟਰੀ ਤੋਂ ਬਾਅਦ ਖੁਸ਼ ਨਹੀਂ ਸੀ। ਉਨ੍ਹਾਂ ਕਿਹਾ ਕਿ MeToo ਦੇ ਦੋਸ਼ੀਆਂ ਨੂੰ ਸ਼ੋਅ ‘ਚ ਨਹੀਂ ਆਉਣਾ ਚਾਹੀਦਾ। ਸ਼ਰਲਿਨ ਨੇ ਸਾਜਿਦ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਸੀ। ਇਸ ਦੌਰਾਨ ਰਾਖੀ ਸਾਵੰਤ ਸਾਜਿਦ ਖ਼ਾਨ ਦੇ ਸਮਰਥਨ ‘ਚ ਆਈ ਸੀ। ਇਸ ਤੋਂ ਬਾਅਦ ਸ਼ਰਲਿਨ ਨੇ ਰਾਖੀ ‘ਤੇ ਟਿੱਪਣੀ ਕੀਤੀ ਅਤੇ ਫਿਰ ਰਾਖੀ ਨੇ ਸ਼ਰਲਿਨ ‘ਤੇ ਟਿੱਪਣੀ ਕੀਤੀ। ਦੋਵਾਂ ਵਿਚਾਲੇ ਜ਼ੁਬਾਨੀ ਜੰਗ ਹੋ ਗਈ। ਇੱਕ ਪਾਸੇ ਜਿੱਥੇ ਸ਼ਰਲਿਨ ਨੇ ਰਾਖੀ ਦੀ ਨਕਲ ਕੀਤੀ, ਉੱਥੇ ਹੀ ਉਸ ਦਾ ਮਜ਼ਾਕ ਵੀ ਉਡਾਇਆ।

