ਨਿਮਰਤ ਕੌਰ ਆਪਣੇ ਪਿਤਾ ਦੇ ਬੁੱਤ ਦੇ ਉਦਘਾਟਨ ਲਈ ਪਟਿਆਲਾ ਪੁੱਜੀ

ਮੁੰਬਈ:ਬੌਲੀਵੁੱਡ ਅਦਾਕਾਰਾ ਨਿਮਰਤ ਕੌਰ ਨੇ ਕੱਲ੍ਹ ਪਟਿਆਲਾ ਰੈਜੀਮੈਂਟ ਵਿੱਚ ਸਥਾਪਿਤ ਕੀਤੇ ਆਪਣੇ ਪਿਤਾ ਮਰਹੂਮ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਦੇ ਉਦਘਾਟਨ ਸਮਾਗਮ ਵਿੱਚ ਸ਼ਿਰਕਤ ਕੀਤੀ। ਦੇਸ਼ ਲਈ ਦਿੱਤੇ ਯੋਗਦਾਨ ਲਈ ਉਸ ਦੇ ਪਿਤਾ ਦਾ ਕਾਂਸੀ ਦਾ ਬੁੱਤ ਪਟਿਆਲਾ ਵਿੱਚ ਉਨ੍ਹਾਂ ਦੀ ਮੂਲ ਰੈਜੀਮੈਂਟ 64 ਅਸਾਲਟ ਇੰਜਨੀਅਰ ਰੈਜੀਮੈਂਟ ਦੇ ਹੈਰੀਟੇਜ ਹਾਲ ਵਿੱਚ ਸਥਾਪਿਤ ਕੀਤਾ ਗਿਆ ਹੈ। ਨਿਮਰਤ ਦੇ ਪਿਤਾ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।  ਨਿਮਰਤ ਨੇ ਕਿਹਾ ਕਿ ਭਾਰਤੀ ਫੌਜ ਨੇ ਉਸ ਦੇ ਪਿਤਾ ਦੇ ਮਾਣ ਵਿਚ ਸਮਾਗਮ ਕਰਵਾਇਆ ਸੀ, ਜੋ ਉਨ੍ਹਾਂ ਸਾਰਿਆਂ ਲਈ ਯਾਦਗਾਰੀ ਹੋ ਨਿਬੜਿਆ ਹੈ। ਉਸ ਨੇ ਦੱਸਿਆ ਕਿ ਪਟਿਆਲਾ ਉਸ ਦੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਉਸ ਨੇ ਪਟਿਆਲਾ ਵਿਚ ਬਚਪਨ ਤੋਂ ਲੈ ਕੇ ਕਾਫੀ ਸਮਾਂ ਬਤੀਤ ਕੀਤਾ ਹੈ। ਉਸ ਨੇ ਦੱਸਿਆ ਕਿ ਪਟਿਆਲਾ ਉਸ ਦਾ ਪਸੰਦੀਦਾ ਸ਼ਹਿਰ ਵੀ ਹੈ ਕਿਉਂਕਿ ਉਸ ਨੇ ਇਥੋਂ ਦੇ ਇੱਕ ਸਕੂਲ ਵਿੱਚੋਂ ਪੰਜਵੀਂ, ਛੇਵੀਂ ਅਤੇ ਸੱਤਵੀਂ ਜਮਾਤ ਪੂਰੀ ਕੀਤੀ। ਉਹ ਅੱਜ ਜਿਸ ਮੁਕਾਮ ’ਤੇ ਪੁੱਜੀ ਹੈ ਉਸ ਵਿਚ ਪਟਿਆਲਾ ਦਾ ਵੀ ਪੂਰਾ ਯੋਗਦਾਨ ਹੈ ਕਿਉਂਕਿ ਇਥੋਂ ਪੜ੍ਹ ਲਿਖ ਕੇ ਹੀ ਉਸ ਨੇ ਅੱਗੇ ਜਾ ਕੇ ਵੱਡੀ ਪ੍ਰਾਪਤੀ ਕੀਤੀ ਹੈ। ਨਿਮਰਤ ‘ਦਸਵੀ’ ਦੀ ਸਫਲਤਾ ਤੋਂ ਬਾਅਦ ਅਗਲੀ ਫਿਲਮ ‘ਹੈਪੀ ਟੀਚਰਜ਼ ਡੇਅ’ ’ਚ ਨਜ਼ਰ ਆਵੇਗੀ। 

Add a Comment

Your email address will not be published. Required fields are marked *