ਪਾਕਿਸਤਾਨ: ਸ੍ਰੀ ਨਨਕਾਣਾ ਸਾਹਿਬ ਗਿਆ ਜੱਥਾ ਭੁੱਖ ਨਾਲ ਬੇਹਾਲ, ਸੜਕ ‘ਤੇ ਕੱਟੀ ਰਾਤ

ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਗਏ ਸ਼ਰਧਾਲੂਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਰਾਤ ਸੜਕ ’ਤੇ ਹੀ ਕੱਟਣੀ ਪਈ। ਭਾਰਤ ਤੋਂ ਜੱਥੇ ਦੇ ਨਾਲ ਗਏ ਇੱਕ ਮੈਂਬਰ ਨੇ ਇਕ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਉਹ ਐਤਵਾਰ ਸਵੇਰੇ 5 ਵਜੇ ਨਿਕਲੇ ਸਨ ਅਤੇ ਹੁਣ ਰਾਤ ਹੋ ਚੁੱਕੀ ਹੈ। ਸ਼ਰਧਾਲੂ ਭੁੱਖੇ-ਪਿਆਸੇ ਹਨ। ਉਨ੍ਹਾਂ ਨੂੰ ਇੱਥੇ ਨਾ ਤਾਂ ਲੰਗਰ ਮਿਲਿਆ ਅਤੇ ਨਾ ਹੀ ਰਹਿਣ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਸੜਕ ਕਿਨਾਰੇ ਬੈਠਣ ਲਈ ਮਜ਼ਬੂਰ ਹੋਣਾ ਪਿਆ ਹੈ।

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸੜਕ ‘ਤੇ ਬੈਠੇ ਸ਼ਰਧਾਲੂਆਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਸ.ਜੀ.ਪੀ.ਸੀ. ਅਤੇ ਪੀ.ਐੱਸ.ਜੀ.ਪੀ.ਸੀ. ਸ਼ਰਧਾਲੂਆਂ ਲਈ ਯੋਗ ਪ੍ਰਬੰਧ ਨਹੀਂ ਕਰ ਸਕਦੇ ਤਾਂ ਇਸ ਯਾਤਰਾ ਦਾ ਕੋਈ ਫਾਇਦਾ ਨਹੀਂ।

ਦਰਅਸਲ, ਸ਼ਰਧਾਲੂਆਂ ਦਾ ਇਹ ਜੱਥਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੇ ਵਾਹਗਾ ਬਾਰਡਰ ‘ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਰੋਕ ਲਿਆ ਗਿਆ, ਪਰ ਉਨ੍ਹਾਂ ਨੂੰ ਨਨਕਾਣਾ ਸਾਹਿਬ ਭੇਜਣ ਲਈ ਨਾ ਤਾਂ ਕੋਈ ਰੇਲਗੱਡੀ ਸੀ ਅਤੇ ਨਾ ਹੀ ਬੱਸਾਂ ਦਾ ਇੰਤਜ਼ਾਮ, ਅਜਿਹੇ ‘ਚ ਸਾਰੇ ਸ਼ਰਧਾਲੂ ਸੜਕ ‘ਤੇ ਬੈਠ ਗਏ ਅਤੇ ਰਾਤ ਕੱਟੀ।

Add a Comment

Your email address will not be published. Required fields are marked *