ਕੀ ਭਵਿਆ ਬਿਸ਼ਨੋਈ ਬਚਾ ਸਕੇਗਾ ‘ਸਾਖ਼’?, 54 ਸਾਲਾਂ ਤੋਂ ਨਹੀਂ ਹਾਰਿਆ ਭਜਨਲਾਲ ਪਰਿਵਾਰ

ਹਿਸਾਰ- ਹਰਿਆਣਾ ਦੀ ਆਦਮਪੁਰ ਸੀਟ ’ਤੇ ਵੱਡਾ ਦਿਲਚਸਪ ਮੁਕਾਬਲਾ ਹੈ। ਅੱਜ ਇਸ ਸੀਟ ’ਤੇ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨ ਹੋਣੇ ਹਨ ਅਤੇ ਜਿਸ ਤੋਂ ਬਾਅਦ ਤਸਵੀਰ ਸਾਫ਼ ਹੋ ਜਾਵੇਗੀ ਕਿ ਆਖ਼ਰਕਾਰ ਇਸ ਸੀਟ ’ਤੇ ਕੌਣ ਬਾਜ਼ੀ ਮਾਰਦਾ ਹੈ। ਆਦਮਪੁਰ ਸੀਟ ’ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਹੈ। ਵੱਡਾ ਸਵਾਲ ਹੈ ਕਿ ਕੀ ਭਜਨਲਾਲ ਪਰਿਵਾਰ 54 ਸਾਲ ਪੁਰਾਣੇ ਰਿਕਾਰਡ ਨੂੰ ਇਸ ਵਾਰ ਵੀ ਕਾਇਮ ਰੱਖ ਸਕੇਗਾ ਜਾਂ ਕਾਂਗਰਸ ਉਮੀਦਵਾਰ ਜੈਪ੍ਰਕਾਸ਼ ਇਸ ਵਾਰ ਬਾਜ਼ੀ ਮਾਰਨਗੇ।

ਕੁਲਦੀਪ ਬਿਸ਼ਨੋਈ ਦੇ ਪੁੱਤਰ ਹਨ ਭਵਿਆ

ਆਦਮਪੁਰ ਸੀਟ ’ਤੇ ਕੁਲਦੀਪ ਬਿਸ਼ਨੋਈ ਦੇ ਪੁੱਤਰ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨਲਾਲ ਦੇ ਪੋਤੇ ਭਵਿਆ ਬਿਸ਼ਨੋਈ ਅਤੇ ਜੈਪ੍ਰਕਾਸ਼ ਵਿਚਾਲੇ ਸਿੱਧਾ ਮੁਕਾਬਲਾ ਹੈ। ਇਸ ਸੀਟ ’ਤੇ ਸਭ ਤੋਂ ਖ਼ਾਸ ਗੱਲ ਇਹ ਵੀ ਹੈ ਕਿ ਭਜਨਲਾਲ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੇ ਕਾਂਗਰਸ ਦੀ ਟਿਕਟ ’ਤੇ ਹੀ ਲਗਾਤਾਰ 54 ਸਾਲ ਤੱਕ ਇਸ ਸੀਟ ਦੀ ਨੁਮਾਇੰਦਗੀ ਕੀਤੀ ਹੈ।

ਦੱਸ ਦੇਈਏ ਕਿ ਆਦਮਪੁਰ ਸੀਟ 1968 ਤੋਂ ਭਜਨਲਾਲ ਪਰਿਵਾਰ ਦਾ ਗੜ੍ਹ ਰਹੀ ਹੈ। ਮਰਹੂਮ ਮੁੱਖ ਮੰਤਰੀ ਭਜਨਲਾਲ ਨੇ ਇਸ ਸੀਟ ਦਾ 9 ਵਾਰ, ਉਨ੍ਹਾਂ ਦੀ ਪਤਨੀ ਜਸਮਾ ਦੇਵੀ ਨੇ ਇਕ ਵਾਰ ਅਤੇ ਕੁਲਦੀਪ ਬਿਸ਼ਨੋਈ ਨੇ 4 ਵਾਰ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਸਾਰਿਆਂ ਨੇ ਇਹ ਜਿੱਤ ਕਾਂਗਰਸ ਉਮੀਦਵਾਰ ਦੇ ਤੌਰ ’ਤੇ ਕੀਤੀ। ਇਸ ਵਾਰ ਵੇਖਣ ਵਾਲੀ ਗੱਲ ਹੋਵੇਗੀ ਕਿ ਕੀ ਇਹ ਗੜ੍ਹ ਭਜਨਲਾਲ ਪਰਿਵਾਰ ਦਾ ਹੋਵੇਗਾ ਜਾਂ ਕਾਂਗਰਸ ਦਾ। 

Add a Comment

Your email address will not be published. Required fields are marked *