AAP ਸਾਂਸਦ ਸੰਜੇ ਸਿੰਘ ਸਮੇਤ 6 ਲੋਕਾਂ ਨੂੰ 3 ਮਹੀਨੇ ਦੀ ਸਜ਼ਾ

ਨਵੀਂ ਦਿੱਲੀ : ਬਿਜਲੀ ਅਤੇ ਪਾਣੀ ਦੀ ਸਮੱਸਿਆ ਕਾਰਨ ਸੜਕ ਜਾਮ ਕਰਨ ਦੇ 22 ਸਾਲ ਪੁਰਾਣੇ ਮਾਮਲੇ ਵਿੱਚ ਸੁਲਤਾਨਪੁਰ ਦੀ ਸਥਾਨਕ ਅਦਾਲਤ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਵਿਧਾਇਕ ਅਨੂਪ ਸਾਂਡਾ ਸਣੇ ਛੇ ਦੋਸ਼ੀਆਂ ਨੂੰ ਬੁੱਧਵਾਰ ਨੂੰ ਤਿੰਨ ਮਹੀਨੇ ਦੀ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਸਪੈਸ਼ਲ ਮੈਜਿਸਟ੍ਰੇਟ (ਐਮਪੀ/ਐਮਐਲਏ ਕੋਰਟ) ਯੋਗੇਸ਼ ਯਾਦਵ ਦੀ ਅਦਾਲਤ ਨੇ ਛੇ ਮੁਲਜ਼ਮਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 143 (ਗੈਰਕਾਨੂੰਨੀ ਇਕੱਠ ਕਰਨਾ) ਅਤੇ 341 (ਗਲਤ ਢੰਗ ਨਾਲ ਕਿਸੇ ਵਿਅਕਤੀ ਨੂੰ ਰੋਕਣਾ) ਦੇ ਤਹਿਤ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਤਿੰਨ-ਤਿੰਨ ਮਹੀਨੇ ਦੀ ਕੈਦ ਤੇ 1,500 ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਸਾਰਿਆਂ ਨੂੰ ਅਦਾਲਤ ਨੇ ਬਚਾਅ ਪੱਖ ਦੀ ਅਰਜ਼ੀ ‘ਤੇ ਅਪੀਲ ਦੀ ਮਿਆਦ ਤੱਕ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

ਜ਼ਿਕਰਯੋਗ ਹੈ ਕਿ 22 ਸਾਲ ਪਹਿਲਾਂ ਕੋਤਵਾਲੀ ਨਗਰ ਵਿੱਚ 19 ਜੂਨ 2001 ਨੂੰ ਸੜਕ ਜਾਮ ਕਰਨ, ਰੋਸ ਪ੍ਰਦਰਸ਼ਨ ਕਰਨ ਅਤੇ ਬਿਜਲੀ-ਪਾਣੀ ਸਮੇਤ ਹੋਰ ਸਮੱਸਿਆਵਾਂ ਦੇ ਦੋਸ਼ ਹੇਠ ਸਾਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਸ ਨੇ ਰਾਜ ਸਭਾ ਮੈਂਬਰ ਸੰਜੇ ਸਿੰਘ, ਸਪਾ ਦੇ ਸੂਬਾ ਬੁਲਾਰੇ ਤੇ ਸਾਬਕਾ ਵਿਧਾਇਕ ਅਨੂਪ ਸਾਂਡਾ ਅਤੇ ਸਾਬਕਾ ਮੈਂਬਰ ਕਮਲ ਸ਼੍ਰੀਵਾਸਤਵ ਸਮੇਤ ਸੱਤ ਲੋਕਾਂ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਮੁਕੱਦਮੇ ਦੌਰਾਨ ਪ੍ਰੇਮ ਪ੍ਰਕਾਸ਼ ਨਾਮਕ ਮੁਲਜ਼ਮ ਦੀ ਮੌਤ ਹੋ ਗਈ ਸੀ।

ਸਾਂਸਦ ਸੰਜੇ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2001 ਵਿੱਚ ਉਨ੍ਹਾਂ ਨੇ ਲੋਕਤਾਂਤਰਿਕ ਪ੍ਰਕਿਰਿਆ ਦੇ ਤਹਿਤ ਬਿਜਲੀ ਵਿਭਾਗ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ ਜਦੋਂ ਕੜਾਕੇ ਦੀ ਗਰਮੀ ਵਿੱਚ 36 ਘੰਟੇ ਬਿਜਲੀ ਨਹੀਂ ਸੀ ਆਉਂਦੀ। ਇਸ ਪ੍ਰਦਰਸ਼ਨ ਵਿੱਚ ਕਾਂਗਰਸ ਅਤੇ ਸਪਾ ਸਮੇਤ ਕਈ ਪਾਰਟੀਆਂ ਦੇ ਲੋਕ ਵੀ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਛੇ ਵਿਅਕਤੀਆਂ ਨੂੰ ਤਿੰਨ ਮਹੀਨੇ ਦੀ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਸੀਂ ਅਦਾਲਤ ਦੇ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਵਾਂਗੇ, ਕਿਉਂਕਿ ਲੋਕਤੰਤਰੀ ਢੰਗ ਨਾਲ ਵਿਰੋਧ ਕਰਨਾ ਹਰ ਕਿਸੇ ਦਾ ਨੈਤਿਕ ਅਧਿਕਾਰ ਹੈ।

Add a Comment

Your email address will not be published. Required fields are marked *