ਬੈਂਕ ਆਫ ਇੰਗਲੈਂਡ ਨੇ 30 ਸਾਲਾਂ ‘ਚ ਵਿਆਜ ਦਰਾਂ ‘ਚ ਕੀਤਾ ਸਭ ਤੋਂ ਵੱਡਾ ਵਾਧਾ

ਬੈਂਕ ਆਫ ਇੰਗਲੈਂਡ ਨੇ ਵੀਰਵਾਰ ਨੂੰ ਵਿਆਜ ਦੀ ਆਧਾਰ ਦਰ ਨੂੰ 0.75 ਫੀਸਦੀ ਵਧਾ ਕੇ ਤਿੰਨ ਫੀਸਦੀ ਕਰ ਦਿੱਤਾ ਹੈ। ਇਹ ਪਿਛਲੇ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਵਿੱਚ ਕੀਤਾ ਗਿਆ ਸਭ ਤੋਂ ਵੱਡਾ ਵਾਧਾ ਹੈ। ਵਿਆਜ ਦਰਾਂ ‘ਚ ਵਾਧੇ ‘ਤੇ ਬੈਂਕ ਆਫ ਇੰਗਲੈਂਡ ਨੇ ਕਿਹਾ ਹੈ ਕਿ ਬ੍ਰਿਟੇਨ ਪਹਿਲਾਂ ਤੋਂ ਹੀ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਦੇ ਲੰਬੇ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ।
ਕੇਂਦਰੀ ਬੈਂਕ ਨੇ ਆਉਣ ਵਾਲੇ ਸਾਲਾਂ ਵਿੱਚ ਉੱਚ ਮੁਦਰਾਸਫੀਤੀ ਅਤੇ ਬੇਰੁਜ਼ਗਾਰੀ ਦਰ ਦੇ ਨਾਲ ਲੰਬੇ ਸਮੇਂ ਤੱਕ ਬ੍ਰਿਟਿਸ਼ ਅਰਥਵਿਵਸਥਾ ਵਿੱਚ ਸੰਕੁਚਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਸ ਦੇ ਅਨੁਸਾਰ ਬ੍ਰਿਟੇਨ ਵਿੱਚ ਰਿਕਾਰਡ ਦਰਜ ਹੋਣਾ ਸ਼ੁਰੂ ਹੋਣ ਤੋਂ ਬਾਅਦ ਇਤਿਹਾਸ ਵਿੱਚ ਪਹਿਲੀ ਵਾਰ ਲਗਾਤਾਰ ਅੱਠ ਤਿਮਾਹੀਆਂ ਵਿੱਚ ਕੁੱਲ ਉਤਪਾਦ (ਜੀ.ਡੀ.ਪੀ) ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਬੈਂਕ ਆਫ ਇੰਗਲੈਂਡ ਨੇ ਇਹ ਵੀ ਕਿਹਾ ਹੈ ਕਿ ਇਸ ਦਾ ਅਸਰ 2008-09 ਅਤੇ 1980 ਦੇ ਦਹਾਕੇ ਵਿੱਚ ਆਈ ਮੰਦੀ ਤੋਂ ਘੱਟ ਹੈ।
ਦੱਸ ਦਈਏ ਕਿ ਬ੍ਰਿਟੇਨ ਦੇ ਕੇਂਦਰੀ ਬੈਂਕ ਨੇ ਯੂਕ੍ਰੇਨ ‘ਤੇ ਰੂਸ ਦੇ ਹਮਲੇ ਅਤੇ ਹਾਲ ਹੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਦੇ ਵਲੋਂ ਵਿਨਾਸ਼ਕਾਰੀ ਆਰਥਿਕ ਨੀਤੀਆਂ ਤੋਂ ਬਾਅਦ ਵਧੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਇਹ ਫ਼ੈਸਲਾ ਲਿਆ ਹੈ। ਬੈਂਕ ਆਫ ਇੰਗਲੈਂਡ ਦਾ ਮੁੱਖ ਵਿਆਜ ਦਰ ਹੁਣ 0.75 ਫੀਸਦੀ ਵਧ ਕੇ 3 ਫੀਸਦੀ ਹੋ ਗਈ ਹੈ।
ਇਸ ਦੌਰਾਨ ਬੈਂਕ ਆਫ ਇੰਗਲੈਂਡ ਨੇ ਲਗਾਤਾਰ 8ਵੀਂ ਵਾਰ ਵਿਆਜ ਦਰਾਂ ਵਧਾਉਣ ਦੀ ਘੋਸ਼ਣਾ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਇੰਗਲੈਂਡ ਵਿੱਚ ਮਹਿੰਗਾਈ ਦਾ ਸੰਕਟ ਕਾਫ਼ੀ ਵੱਡਾ ਹੈ ਅਤੇ ਕੇਂਦਰੀ ਬੈਂਕ ਅਤੇ ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਅਦ ਵੀ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਦੀ ਨਹੀਂ ਦਿਖ ਰਹੀ ਹੈ। ਬ੍ਰਿਟੇਨ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਲਈ ਇਸ ਤੋਂ ਨਜਿੱਠਣਾ ਸਭ ਤੋਂ ਵੱਡੀ ਚੁਣੌਤੀ ਹੈ।

Add a Comment

Your email address will not be published. Required fields are marked *