ਪਾਕਿ: ਸ਼ਾਹਬਾਜ਼ ਖ਼ਿਲਾਫ਼ ਭ੍ਰਿਸ਼ਟਾਚਾਰ ਕੇਸ ਜਾਂਚ ਬਿਊਰੋ ਨੂੰ ਮੋੜਿਆ

ਇਸਲਾਮਾਬਾਦ, 18 ਸਤੰਬਰ

ਪਾਕਿਸਤਾਨ ਦੀਆਂ ਵਿਸ਼ੇਸ਼ ਅਦਾਲਤਾਂ ਨੇ ਭ੍ਰਿਸ਼ਟਾਚਾਰ ਦੇ 50 ਵੱਡੇ ਕੇਸ ਜਾਂਚ ਬਿਊਰੋ (ਐਨਏਬੀ) ਨੂੰ ਵਾਪਸ ਭੇਜ ਦਿੱਤੇ ਹਨ। ਇਨ੍ਹਾਂ ਵਿਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਖ਼ਿਲਾਫ਼ ਦਰਜ ਕੇਸ ਵੀ ਸ਼ਾਮਲ ਹਨ। ਇਸ ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ਰੀਫ਼ ਨੂੰ ਵੱਡੀ ਰਾਹਤ ਮਿਲੀ ਹੈ। ਸ਼ਾਹਬਾਜ਼, ਉਨ੍ਹਾਂ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼, ਸਪੀਕਰ ਰਾਜਾ ਪਰਵੇਜ਼ ਅਸ਼ਰਫ਼, ਸਾਬਕਾ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਖ਼ਿਲਾਫ਼ ਦਰਜ ਕੇਸ ਐਨਏਬੀ ਨੂੰ ਮੋੜੇ ਗਏ ਹਨ। ਜ਼ਿਕਰਯੋਗ ਹੈ ਕਿ ਐਨਏਬੀ ਦੇ ਕਾਨੂੰਨਾਂ ਵਿਚ ਸੋਧ ਕੀਤੀ ਗਈ ਹੈ ਤੇ ਇਹ ਰਾਹਤ ਉਸ ਸੋਧ ਤਹਿਤ ਹੀ ਦਿੱਤੀ ਗਈ ਹੈ। ਐਨਏਬੀ ਨੇ ਫਰਵਰੀ 2019 ਵਿਚ ਸ਼ਾਹਬਾਜ਼ ਤੇ ਹਮਜ਼ਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸ਼ਾਹਬਾਜ਼ ’ਤੇ ਦੋਸ਼ ਸੀ ਕਿ ਉਨ੍ਹਾਂ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਆਪਣੇ ਪੁੱਤਰਾਂ ਨੂੰ ਨਾਜਾਇਜ਼ ਲਾਭ ਦਿੱਤਾ ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ 21 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਅਸੈਂਬਲੀ ਸਪੀਕਰ ਅਸ਼ਰਫ਼ ਖ਼ਿਲਾਫ਼ ਕੇਸ ਪਾਵਰ ਪ੍ਰਾਜੈਕਟਾਂ ਨਾਲ ਸਬੰਧਤ ਸੀ। ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਵਿਚ ਉਹ ਜਲ ਤੇ ਬਿਜਲੀ ਮੰਤਰੀ ਸਨ। ਗਿਲਾਨੀ ਖ਼ਿਲਾਫ਼ ਕੇਸ ਗੈਰਕਾਨੂੰਨੀ ਪ੍ਰਚਾਰ ਮੁਹਿੰਮ ਨਾਲ ਜੁੜਿਆ ਹੋਇਆ ਸੀ। ਅਗਸਤ ਵਿਚ ਕੌਮੀ ਅਸੈਂਬਲੀ ਨੇ ਸੋਧ ਬਿੱਲ ਪਾਸ ਕੀਤਾ ਸੀ ਜਿਸ ਤਹਿਤ ਪ੍ਰਾਈਵੇਟ ਲੈਣ-ਦੇਣ ਨੂੰ ਐਨਏਬੀ ਦੇ ਦਾਇਰੇ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। 

Add a Comment

Your email address will not be published. Required fields are marked *