ਏਸ਼ੀਆ, ਯੂਰਪ ਅਤੇ ਅਮਰੀਕਾ ਦੇ ਬਾਜ਼ਾਰਾਂ ’ਚ ਹਾਹਾਕਾਰ, ਮੈਟਲ ਅਤੇ ਆਇਲ ਵੀ ਡਿਗੇ

ਅਮਰੀਕਾ ’ਚ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਲਈ ਫੈੱਡਰਲ ਰਿਜ਼ਰਵ ਵਲੋਂ ਵਿਆਜ ਦਰਾਂ ’ਚ ਕੀਤਾ ਗਿਆ ਵਾਧਾ ਅਤੇ 2024 ਤੋਂ ਪਹਿਲਾਂ ਵਿਆਜ ਦਰਾਂ ’ਚ ਕਮੀ ਨਾ ਕਰਨ ਦੇ ਆਏ ਬਿਆਨ ਤੋਂ ਬਾਅਦ ਵੀਰਵਾਰ ਨੂੰ ਦੁਨੀਆ ਭਰ ਦੇ ਬਾਜ਼ਾਰ ਢਹਿ-ਢੇਰੀ ਹੋ ਗਏ। ਅਮਰੀਕਾ ’ਚ ਵੀਰਵਾਰ ਸ਼ਾਮ ਡਾਓ ਜੋਨਸ ਇੰਡਸਟ੍ਰੀਅਲ ਐਵਰੇਜ 700 ਅੰਕ ਦੇ ਕਰੀਬ ਡਿਗ ਗਿਆ ਜਦ ਕਿ ਐੱਸ. ਐਂਡ ਪੀ. 500 ਇੰਡੈਕਸ ’ਚ ਵੀ 78 ਅੰਕ ਦੀ ਗਿਰਾਵਟ ਦੇਖੀ ਗਈ। ਨੈੱਸਡੈਕ ’ਚ ਵੀ 260 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਜਾਪਾਨ, ਹਾਂਗਕਾਂਗ ਅਤੇ ਚੀਨ ਦੇ ਬਾਜ਼ਾਰ ਵੀ ਗਿਰਾਵਟ ਨਾਲ ਬੰਦ ਹੋਏ ਅਤੇ ਯੂਰਪੀ ਬਾਜ਼ਾਰਾਂ ’ਚ ਵੀ ਢਾਈ ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਸ਼ਾਮ ਜਰਮਨੀ ਦੀ ਸਟਾਫ ਮਾਰਕੀਟ ਦਾ ਇੰਡੈਕਸ ਡੈਕਸ ਪੌਣੇ 3 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ ਜਦ ਕਿ ਯੂ. ਕੇ. ਦਾ ਐੱਫ. ਟੀ. ਐੱਸ. ਸੀ. ਕਰੀਬ 1 ਫੀਸਦੀ ਅਤੇ ਫ੍ਰਾਂਸ ਦਾ ਸੀ. ਏ. ਸੀ. ਇੰਡੈਕਸ ਪੌਣੇ 3 ਫੀਸਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।

ਸੋਨਾ ਇਕ ਹਫਤੇ ਦੇ ਹੇਠਲੇ ਪੱਧਰ ’ਤੇ

ਫੈੱਡਰਲ ਰਿਜ਼ਰਵ ਦੇ ਬਿਆਨ ਦਾ ਅਸਰ ਸਿਰਫ ਇਕਵਿਟੀ ਬਾਜ਼ਾਰ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਮੈਟਲ ਵੀ ਇਸ ਦੀ ਲਪੇਟ ’ਚ ਆ ਗਏ। ਵੀਰਵਾਰ ਸ਼ਾਮ ਨਿਊਯਾਰਕ ਕਮੋਡਿਟੀ ਐਕਸਚੇਂਜ ’ਚ ਸੋਨੇ ਦੀਆਂ ਕੀਮਤਾਂ ਪੌਣੇ 2 ਫੀਸਦੀ ਤੱਕ ਡਿਗ ਗਈਆਂ ਜਦ ਕਿ ਚਾਂਦੀ ਦੀਆਂ ਕੀਮਤਾਂ ’ਚ 3.17 ਫੀਸਦੀ ਅਤੇ ਤਾਂਬੇ ਦੀਆਂ ਕੀਮਤਾਂ ’ਚ ਕਰੀਬ 2 ਫੀਸਦੀ ਦੀ ਗਿਰਾਵਟ ਨਜ਼ਰ ਆਈ। ਸੋਨਾ ਆਪਣੇ ਇਕ ਹਫਤੇ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਅਤੇ ਇਸ ਨੇ 1800 ਡਾਲਰ ਦਾ ਆਪਣਾ ਪੱਧਰ ਤੋੜ ਦਿੱਤਾ। ਇਹ ਵੀਰਵਾਰ ਸ਼ਾਮ ਨੂੰ 1787 ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਦਰਮਿਆਨ ਬ੍ਰੇਂਟ ਕਰੂਡ ਦੀਆਂ ਕੀਮਤਾਂ ’ਚ ਕਰੀਬ ਪੌਣਾ ਫੀਸਦੀ ਅਤੇ ਕਰੂਡ ਦੀਆਂ ਕੀਮਤਾਂ ’ਚ ਕਰੀਬ 1 ਫੀਸਦੀ ਦੀ ਗਿਰਾਵਟ ਨਜ਼ਰ ਆਈ। ਵੀਰਵਾਰ ਸ਼ਾਮ ਬ੍ਰੇਂਟ ਕਰੂਡ 82 ਡਾਲਰ ਅਤੇ ਕਰੂਡ 76.56 ਡਾਲਰ ਪ੍ਰਤੀ ਬੈਰਲ ’ਤੇ ਟ੍ਰੇਡ ਕਰ ਰਿਹਾ ਸੀ।

ਕੀ ਕਿਹਾ ਸੀ ਫੈੱਡਰਲ ਨੇ

ਦਰਅਸਲ ਫੈੱਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਵਿਆਜ ਦਰਾਂ ’ਚ ਅੱਧਾ ਫੀਸਦੀ ਦਾ ਵਾਧਾ ਕੀਤਾ ਸੀ ਅਤੇ ਵਿਆਜ ਦਰਾਂ ਮੌਜੂਦਾ ਸਮੇਂ ’ਚ 4.25 ਤੋਂ ਲੈ ਕੇ 4.50 ਫੀਸਦੀ ਦੇ ਘੇਰੇ ’ਚ ਪਹੁੰਚ ਗਈਆਂ ਹਨ ਅਤੇ ਇਹ 15 ਸਾਲਾਂ ਦਾ ਉੱਚ ਪੱਧਰ ਹੈ। ਇਸ ਦਰਮਿਆਨ ਫੈੱਡਰਲ ਰਿਜ਼ਰਵ ਨੇ ਇਹ ਵੀ ਕਿਹਾ ਕਿ ਉਹ 2023 ’ਚ ਵੀ ਵਿਆਜ ਦਰਾਂ ’ਚ ਵਾਧਾ ਜਾਰੀ ਰੱਖ ਸਕਦਾ ਹੈ ਅਤੇ ਵਿਆਜ ਦਰਾਂ ’ਚ ਕਮੀ ਦਾ ਸਿਲਸਿਲਾ 2024 ’ਚ ਸ਼ੁਰੂ ਹੋਣ ਦੀ ਉਮੀਦ ਹੈ। ਬਾਜ਼ਾਰ ਨੂੰ ਲੱਗ ਰਿਹਾ ਹੈ ਕਿ ਫੈੱਡਰਲ ਰਿਜ਼ਰਵ ਵਿਆਜ ਦਰਾਂ ਨੂੰ 5.1 ਫੀਸਦੀ ਦੇ ਘੇਰੇ ਤੱਕ ਲੈ ਕੇ ਜਾ ਸਕਦਾ ਹੈ।

ਪ੍ਰਚੂਨ ਵਿਕਰੀ ਦੇ ਅੰਕੜਿਆਂ ਤੋਂ ਵੀ ਬਾਜ਼ਾਰ ਨਿਰਾਸ਼

ਇਸ ਦਰਮਿਆਨ ਵੀਰਵਾਰ ਨੂੰ ਅਮਰੀਕਾ ’ਚ ਪ੍ਰਚੂਨ ਵਿਕਰੀ ਦੇ ਅੰਕੜੇ ਆਏ ਅਤੇ ਇਨ੍ਹਾਂ ਅੰਕੜਿਆਂ ’ਚ ਗਿਰਾਵਟ ਤੋਂ ਬਾਅਦ ਬਾਜ਼ਾਰ ਨੂੰ ਫੈੱਡਰਲ ਰਿਜ਼ਰਵ ਵਲੋਂ ਭਵਿੱਖ ’ਚ ਵਿਆਜ ਦਰਾਂ ’ਚ ਵਾਧੇ ਦਾ ਖਦਸ਼ਾ ਲੱਗ ਰਿਹਾ ਹੈ। ਬਾਜ਼ਾਰ ਨੂੰ ਇਹ ਲੱਗ ਰਿਹਾ ਹੈ ਕਿ ਜੇ ਫੈੱਡਰਲ ਰਿਜ਼ਰਵ ਨੇ ਵਿਆਜ ਦਰਾਂ ’ਚ ਹੋਰ ਵਾਧਾ ਕੀਤਾ ਤਾਂ ਅਮਰੀਕਾ ਦੀ ਅਰਥਵਿਵਸਥਾ ਮੰਦੀ ਦੀ ਖੁਰਲੀ ’ਚ ਜਾ ਸਕਦੀ ਹੈ। ਅਮਰੀਕਾ ’ਚ ਨਵੰਬਰ ’ਚ ਪ੍ਰਚੂਨ ਵਿਕਰੀ 0.6 ਫੀਸਦੀ ਤੱਕ ਡਿਗ ਗਈ, ਹਾਲਾਂਕਿ ਬਾਜ਼ਾਰ ਇਸ ’ਚ 0.3 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਲਗਾ ਰਿਹਾ ਸੀ। ਫੈੱਡਰਲ ਰਿਜ਼ਰਵ ਦੇ ਬਿਆਨ ਤੋਂ ਬਾਅਦ ਨਿਵੇਸ਼ਕਾਂ ਦਾ ਰੁਖ ਇਕ ਵਾਰ ਮੁੜ ਸਰਕਾਰੀ ਬਾਂਡਸ ਵੱਲ ਜਾ ਸਕਦਾ ਹੈ।

ਯੂਰਪੀਅਨ ਸੈਂਟਰਲ ਬੈਂਕ ਨੇ ਵਿਆਜ ਦਰਾਂ ਵਧਾਈਆਂ

ਯੂਰਪ ’ਚ ਲਗਾਤਾ ਵਧ ਰਹੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਯੂਰਪ ਦੇ ਕੇਂਦਰੀ ਬੈਂਕ ਨੇ ਵੀਰਵਾਰ ਨੂੰ ਵਿਆਜ ਦਰਾਂ ’ਚ 50 ਆਧਾਰ ਅੰਕ ਦਾ ਵਾਧਾ ਕਰ ਦਿੱਤਾ। ਹੁਣ ਯੂਰਪੀਅਨ ਸੈਂਟਰਲ ਬੈਂਕ ਦੀਆਂ ਵਿਆਜ ਦਰਾਂ 2 ਫੀਸਦੀ ਹੋ ਗਈਆਂ ਹਨ ਜਦ ਕਿ ਇਹ ਪਹਿਲਾਂ ਡੇਢ ਫੀਸਦੀ ਸੀ। ਬੈਂਕ ਵਲੋਂ ਕਿਹਾ ਗਿਆ ਹੈ ਕਿ ਉਹ ਮਾਰਚ 2023 ਤੋਂ ਆਪਣੀ ਬੈਲੇਂਸ ਸ਼ੀਟ ’ਚ 15 ਬਿਲੀਅਨ ਯੂਰੋ ਪ੍ਰਤੀ ਮਹੀਨੇ ਦੀ ਕਟੌਤੀ ਕਰੇਗਾ।

Add a Comment

Your email address will not be published. Required fields are marked *