ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਧਮਕੀਆਂ

ਵਾਸ਼ਿੰਗਟਨ, 9 ਸਤੰਬਰ

ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਹੈ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫੋਨ ’ਤੇ ਇਤਰਾਜ਼ਯੋਗ ਅਤੇ ਨਫ਼ਰਤ ਭਰੇ ਆਡੀਓ ਮੈਸੇਜ ਭੇਜ ਕੇ ਧਮਕੀਆਂ ਦਿੱਤੀਆਂ ਹਨ। ਜੈਪਾਲ ਨੇ ਕਿਹਾ ਕਿ ਉਸ ਵਿਅਕਤੀ ਨੇ ਉਨ੍ਹਾਂ ਨੂੰ ਭਾਰਤ ਪਰਤਣ ਲਈ ਕਿਹਾ ਹੈ। ਚੇਨੱਈ ’ਚ ਜਨਮੀ ਜੈਪਾਲ ਨੇ ਸੋਸ਼ਲ ਮੀਡੀਆ ’ਤੇ ਅਜਿਹੇ ਪੰਜ ਆਡੀਓ ਮੈਸੇਜ ਸਾਂਝੇ ਕੀਤੇ ਹਨ। ਇਨ੍ਹਾਂ ਸੁਨੇਹਿਆਂ ਦੇ ਉਹ ਹਿੱਸੇ ਐਡਿਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਸ਼ਲੀਲ ਅਤੇ ਇਤਰਾਜ਼ਯੋਗ ਸ਼ਬਦ ਬੋਲੇ ਗਏ ਹਨ। ਮੈਸੇਜ ਵਿੱਚ ਵਿਅਕਤੀ ਜੈਪਾਲ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੰਦਾ ਹੋਇਆ ਸੁਣਿਆ ਜਾ ਸਕਦਾ ਹੈ ਅਤੇ ਉਸ ਨੂੰ ਆਪਣੇ ਮੂਲ ਵਤਨ ਭਾਰਤ ਪਰਤਣ ਲਈ ਆਖ ਰਿਹਾ ਹੈ। ਜੈਪਾਲ (55) ਅਮਰੀਕੀ ਪ੍ਰਤੀਨਿਧ ਸਭਾ ਵਿੱਚ ਸਿਆਟਲ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਸੰਸਦ ਮੈਂਬਰ ਹੈ। ਡੈਮੋਕਰੈਟਿਕ ਪਾਰਟੀ ਦੀ ਆਗੂ ਨੇ ਇਕ ਟਵੀਟ ’ਚ ਕਿਹਾ, ‘‘ਸਿਆਸੀ ਹਸਤੀਆਂ ਆਪਣੇ ਭੇਤ ਉਜਾਗਰ ਨਹੀਂ ਕਰਦੀਆਂ ਹਨ ਪਰ ਮੈਂ ਧਮਕੀਆਂ ਦਾ ਖ਼ੁਲਾਸਾ ਕਰਨ ਦਾ ਫ਼ੈਸਲਾ ਲਿਆ ਹੈ ਕਿਉਂਕਿ ਅਸੀਂ ਹਿੰਸਾ, ਨਸਲਵਾਦ ਅਤੇ ਔਰਤਾਂ ਪ੍ਰਤੀ ਮਾੜੇ ਵਿਹਾਰ ਨੂੰ ਸਵੀਕਾਰ ਨਹੀਂ ਕਰ ਸਕਦੇ।’’ ਕੁਝ ਸਮਾਂ ਪਹਿਲਾਂ ਇਕ ਵਿਅਕਤੀ ਨੂੰ ਬੰਦੂਕ ਨਾਲ ਜੈਪਾਲ ਦੇ ਘਰ ਬਾਹਰੋਂ ਫੜਿਆ ਗਿਆ ਸੀ ਜਿਸ ਦੀ ਪਛਾਣ ਬ੍ਰੈਟ ਫੋਰਸੈਲ (49) ਵਜੋਂ ਹੋਈ ਸੀ।

Add a Comment

Your email address will not be published. Required fields are marked *